ਨੇਪਾਲ ਦੇ ਪੋਖਰਾ ਅੰਤਰਰਾਸ਼ਟਰੀ ਏਅਰਪੋਰਟ ‘ਤੇ 5 ਭਾਰਤੀਆਂ ਸਮੇਤ 72 ਲੋਕਾਂ ਨੂੰ ਲਿਜਾ ਰਿਹਾ ਜਹਾਜ਼ ਕਰੈਸ਼ ਹੋ ਗਿਆ। ਇਸ ਹਾਦਸੇ ‘ਚ ਹੁਣ ਤੱਕ 68 ਲੋਕਾਂ ਦੀ ਮੌਤ ਦੀ ਜਾਣਕਾਰੀ ਸਾਹਮਣੇ ਆਈ ਹੈ। ਏਜੰਸੀ ਮੁਤਾਬਕ ਜਹਾਜ਼ ‘ਚ 53 ਨੇਪਾਲ ਦੇ, 5 ਇੰਡੀਆ ਦੇ, 4 ਰੂਸ ਦੇ, 2 ਦੱਖਣੀ ਕੋਰੀਆ ਦੇ, 1 ਆਇਰਲੈਂਡ ਦਾ, 1 ਅਰਜਨਟੀਨਾ ਦਾ, ਇਕ ਫਰਾਂਸ ਦਾ ਅਤੇ ਇਕ ਆਸਟਰੇਲੀਆ ਦਾ ਨਾਗਰਿਕ ਸਵਾਰ ਸੀ। ਯੇਤੀ ਏਅਰਲਾਈਨਜ਼ ਦੇ ਅਧਿਕਾਰੀ ਨੇ ਦੱਸਿਆ ਕਿ ਫਲਾਈਟ ‘ਚ ਸਵਾਰ ਪੰਜ ਭਾਰਤੀਆਂ ਦੀ ਪਛਾਣ ਅਭਿਸ਼ੇਕ ਕੁਸ਼ਵਾਹਾ, ਵਿਸ਼ਾਲ ਸ਼ਰਮਾ, ਅਨਿਲ ਕੁਮਾਰ ਰਾਜਭਰ, ਸੋਨੂੰ ਜੈਸਵਾਲ ਅਤੇ ਸੰਜਨਾ ਜੈਸਵਾਲ ਵਜੋਂ ਹੋਈ ਹੈ। ਭਾਰਤੀ ਦੂਤਘਰ ਨੇ ਵੀ 68 ਯਾਤਰੀਆਂ ‘ਚ ਪੰਜ ਭਾਰਤੀਆਂ ਦੇ ਸ਼ਾਮਲ ਹੋਣ ਦੀ ਪੁਸ਼ਟੀ ਕੀਤੀ। ਕਾਠਮੰਡੂ ਸਥਿਤ ਭਾਰਤੀ ਦੂਤਘਰ ਨੇ ਟਵੀਟ ਰਾਹੀਂ ਜਾਣਕਾਰੀ ਦਿੱਤੀ ਕਿ ਜ਼ਖਮੀਆਂ ਨੂੰ ਬਚਾਉਣ ਲਈ ਮੁਹਿੰਮ ਚਲਾਈ ਜਾ ਰਹੀ ਹੈ। ਦੂਤਘਰ ਨੇ ਅੱਗੇ ਦੱਸਿਆ ਕਿ ਉਹ ਸਥਾਨਕ ਅਧਿਕਾਰੀਆਂ ਦੇ ਸੰਪਰਕ ‘ਚ ਹੈ। ਨੇਪਾਲ ‘ਚ ਭਾਰਤੀ ਰਾਜਦੂਤ ਸ਼ੰਕਰ ਪੀ ਸ਼ਰਮਾ ਨੇ ਟਵੀਟ ਕੀਤਾ ਕਿ ‘ਪੋਖਰਾ ‘ਚ ਕੁਝ ਭਾਰਤੀਆਂ ਸਮੇਤ 72 ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਲੈ ਕੇ ਜਾ ਰਹੇ ਇਕ ਜਹਾਜ਼ ਦੇ ਦੁਰਘਟਨਾਗ੍ਰਸਤ ਹੋਣ ਕਾਰਨ ਅਸੀਂ ਬਹੁਤ ਦੁਖੀ ਹਾਂ। ਅਸੀਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦਿਲੀ ਹਮਦਰਦੀ ਪ੍ਰਗਟ ਕਰਦੇ ਹਾਂ। ਇਸ ਸਮੇਂ ਸਾਡੀ ਹਮਦਰਦੀ ਅਤੇ ਪ੍ਰਾਰਥਨਾਵਾਂ ਇਸ ਤੋਂ ਪ੍ਰਭਾਵਿਤ ਸਾਰੇ ਲੋਕਾਂ ਦੇ ਨਾਲ ਹਨ।’