ਅੰਮ੍ਰਿਤਸਰ ‘ਚ ਪੁਲੀਸ ਨੇ ਨਾਬਾਲਗ ਨੂੰ 15 ਕਿਲੋ ਹੈਰੋਇਨ ਤੇ 8.40 ਲੱਖ ਦੀ ਡਰੱਗ ਮਨੀ ਸਣੇ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਡੀ.ਜੀ.ਪੀ. ਗੌਰਵ ਯਾਦਵ ਨੇ ਦਿੱਤੀ ਹੈ। ਪੁਲੀਸ ਨੇ ਉਸ ਕੋਲੋਂ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਇਸ ਤੋਂ ਪਹਿਲਾਂ ਪੁਲੀਸ ਨੇ ਪਿੰਡ ਠੱਠਾ ਲੋਪੋਕੇ ‘ਚ ਚੈਕਿੰਗ ਦੌਰਾਨ 5 ਕਿਲੋ ਹੈਰੋਇਨ ਤੇ 12.15 ਲੱਖ ਦੀ ਡਰੱਗ ਮਨੀ ਸਮੇਤ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕਰਕੇ ਸਰਹੱਦ ਪਾਰੋਂ ਤਸਕਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਸੀ। ਡੀ.ਜੀ.ਪੀ. ਅਨੁਸਾਰ ਮੌਜੂਦਾ ਕੇਸ ‘ਚ ਕਾਊਂਟਰ ਇੰਟੈਲੀਜੈਂਸ (ਸੀ.ਆਈ.) ਦੀ ਟੀਮ ਨੇ ਰਾਮ ਤੀਰਥ ਰੋਡ ‘ਤੇ ਨਾਕਾ ਲਾਇਆ ਹੋਇਆ ਸੀ ਜਿਸ ਦੌਰਾਨ ਨਾਬਾਲਗ ਨੂੰ ਕਾਬੂ ਕੀਤਾ ਗਿਆ। ਉਹ ਆਪਣੇ ਇਕ ਸਾਥੀ ਨਾਲ ਪਿੰਡ ਕੱਕੜ ਦੇ ਖੇਤਰ ਵਿੱਚੋਂ ਨਸ਼ੀਲੇ ਪਦਾਰਥ ਲੈਣ ਤੋਂ ਬਾਅਦ ਇਸ ਨੂੰ ਅਗਾਂਹ ਪਹੁੰਚਾਉਣ ਜਾ ਰਿਹਾ ਸੀ। ਪੁਲੀਸ ਨੇ ਉਸ ਦੇ ਦੂਜੇ ਸਾਥੀ ਦੀ ਸ਼ਨਾਖਤ ਰੇਸ਼ਮ ਸਿੰਘ ਵਾਸੀ ਪਿੰਡ ਖਾਸਾ ਵਜੋਂ ਕੀਤੀ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਪਾਕਿਸਤਾਨੀ ਤਸਕਰਾਂ ਵੱਲੋਂ ਨਸ਼ੀਲੇ ਪਦਾਰਥਾਂ ਦੀ ਇਹ ਖੇਪ ਡਰੋਨ ਰਾਹੀਂ ਸੁੱਟੀ ਗਈ ਸੀ। ਉਨ੍ਹਾਂ ਦੱਸਿਆ ਕਿ ਰੇਸ਼ਮ ਸਿੰਘ ਮੌਕੇ ਤੋਂ ਫ਼ਰਾਰ ਹੋ ਗਿਆ ਸੀ। ਕਾਊਂਟਰ ਇੰਟੈਲੀਜੈਂਸ ਦੇ ਏ.ਆਈ.ਜੀ. ਅਮਰਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਨਾਬਾਲਗ ਦਾ ਪਿਤਾ ਅਤੇ ਦਾਦਾ ਪਹਿਲਾਂ ਹੀ ਐੱਨ.ਡੀ.ਪੀ.ਐੱਸ. ਐਕਟ ਤਹਿਤ ਕੈਦ ਕੱਟ ਰਹੇ ਹਨ। ਉਨ੍ਹਾਂ ਦੱਸਿਆ ਕਿ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਖੇਪ ਸਰਹੱਦ ਪਾਰੋਂ ਕਿਸ ਨੇ ਭੇਜੀ ਸੀ ਅਤੇ ਮੁਲਜ਼ਮ ਇਹ ਖੇਪ ਕਿਸ ਨੂੰ ਦੇਣ ਜਾ ਰਹੇ ਸਨ।