ਕਰੀਬ ਸੱਤ ਸਾਲ ਪਹਿਲਾਂ ਦੇ ਨਾਭਾ ਜੇਲ੍ਹ ਬਰੇਕ ਮਾਮਲੇ ‘ਚ ਅਦਾਲਤ ਨੇ 22 ਦੋਸ਼ੀਆਂ ਨੂੰ 3 ਤੋਂ ਲੈ ਕੇ 10 ਸਾਲ ਤੱਕ ਦੀ ਸਜ਼ਾ ਸੁਣਾਈ ਹੈ। ਇਹ ਫ਼ੈਸਲਾ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਐੱਚ.ਐੱਸ. ਗਰੇਵਾਲ ਵੱਲੋਂ ਸੁਣਾਇਆ ਗਿਆ ਹੈ। ਜਾਣਕਾਰੀ ਮੁਤਾਬਕ ਐੱਨ.ਡੀ.ਪੀ.ਐੱਸ. ਐਕਟ ਸਮੇਤ ਧਾਰਾ 395, 120ਬੀ, 223, 224, 467, 307, 148, 148, 186, 353 ਤਹਿਤ ਉਕਤ ਦੋਸ਼ੀਆਂ ਨੂੰ ਸਜ਼ਾ ਸੁਣਾਈ ਗਈ ਹੈ। ਦੱਸਣਯੋਗ ਹੈ ਕਿ ਇਹ ਮਾਮਲਾ ਕਰੀਬ ਸਾਢੇ 7 ਸਾਲ ਤੱਕ ਚਲਾਇਆ ਜਿਸ ਦੀ ਪ੍ਰੋਸੀਡਿੰਗ ਮਾਣਯੋਗ ਹਾਈ ਕੋਰਟ ਵੱਲੋਂ ਜਾਰੀ ਕੀਤੇ ਹੁਕਮਾਂ ਦੇ ਆਧਾਰ ‘ਤੇ ਰੋਜ਼ਾਨਾ ਕੀਤੀ ਗਈ। ਇਸ ‘ਚ ਗੁਰਪ੍ਰੀਤ ਸਿੰਘ ਮਾਂਗੇਵਾਲ, ਮਨਜੀਤ ਸਿੰਘ, ਗੁਰਜੀਤ ਸਿੰਘ ਲਾਡਾ, ਅਸੀਸਟੈਂਸ ਜੇਲ੍ਹ ਸੁਪਰਡੈਂਟ ਭੀਮ ਸਿੰਘ, ਜਗਮੀਤ ਸਿੰਘ, ਮਨਜਿੰਦਰ ਸਿੰਘ, ਸੁਲਖਣ ਸਿੰਘ, ਗੁਰਪ੍ਰੀਤ ਬੱਬੀ ਖੇੜਾ, ਪਲਵਿੰਦਰ ਪਿੰਦਾ, ਗੁਰਪ੍ਰੀਤ ਸੇਖੋਂ, ਕਿਰਨਪਾਲ ਸੁਖਚੈਨ, ਰਾਜਵਿੰਦਰ , ਕੁਲਵਿੰਦਰ ਟਿਬਰੀ, ਸੁਨੀਲ ਕਾਲੜਾ, ਅਮਨਦੀਪ ਢੋਡਿਆਂ, ਅਮਨ ਸਮੇਤ 2 ਹੋਰ ਵਿਅਕਤੀਆਂ ਦਾ ਨਾਂ ਸ਼ਾਮਲ ਹਨ ਜਦਕਿ ਨਰੇਸ਼ ਨਾਰੰਗ, ਜਤਿੰਦਰ, ਮੁਹੰਮਦ ਆਸਿਮ, ਤੇਜਿੰਦਰ ਸ਼ਰਮਾ, ਰਵਿੰਦਰ ਵਿੱਕੀ ਸਹੋਤਾ ਤੇ ਰਣਜੀਤ ਨੂੰ ਬਰੀ ਕਰ ਦਿੱਤਾ ਗਿਆ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਇਹ ਉਹੀ ਵਿਅਕਤੀ ਹਨ ਜੋ 2016 ‘ਚ ਨਾਭਾ ਦੀ ਹਾਈ ਸਕਿਓਰਿਟੀ ਜੇਲ੍ਹ ਦੇ ਗੇਟਾਂ ‘ਤੇ ਲਗਜ਼ਰੀ ਗੱਡੀਆਂ ‘ਚ ਆਏ ਸਨ ਅਤੇ ਉਨ੍ਹਾਂ ਨੇ ਆਉਂਦਿਆਂ ਸਾਰ ਹੀ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਇਹ ਹਮਲਾ ਕਰਨ ਤੋਂ ਬਾਅਦ ਉਹ ਜੇਲ੍ਹ ‘ਚ ਬੰਦ ਕੈਦੀਆਂ ਨੂੰ ਛੁਡਵਾ ਕੇ ਗੱਡੀਆਂ ‘ਚ ਲੈ ਕੇ ਫਰਾਰ ਹੋ ਗਏ ਸਨ। ਇਸ ਮਾਮਲੇ ‘ਚ ਨਾਭਾ ਪੁਲੀਸ ਨੇ ਕੁੱਲ 30 ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ ਜਿਨ੍ਹਾਂ ਦੀ ਪਛਾਣ ਕੁਲਦੀਪ ਸਿੰਘ ਵਾਸੀ ਭਵਾਨੀਗੜ੍ਹ ਅਤੇ ਨਿਰਮਲ ਖਾਂ ਵਾਸੀ ਅਸ਼ੋਕ ਵਿਹਾਰ ਵਜੋਂ ਹੋਈ। ਦੱਸਦਈਏ ਕਿ ਪਲਵਿੰਦਰ ਪਿੰਦਾ ਨੇ ਇਸ ਦਾ ਮੈਪ ਤਿਆਰ ਕੀਤਾ ਸੀ ਜਦਕਿ ਪ੍ਰੇਮਾ ਨੇ ਲੌਜਿਸਟੀਕ ਮਦਦ ਤੇ ਮਨੀ ਨੇ ਹਥਿਆਰਾਂ ਦਾ ਪ੍ਰਬੰਧ ਕੀਤਾ ਸੀ। ਇਸ ਜੇਲ੍ਹ ਬਰੇਕ ਨੂੰ ਕੁੱਲ 12 ਵਿਅਕਤੀਆਂ ਵੱਲੋਂ ਅੰਜਾਮ ਦਿੱਤਾ ਗਿਆ ਸੀ। ਵਾਰਦਾਤ ਤੋਂ ਬਾਅਦ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆਂ ਦੋਹੇਂ ਗੰਗਾਨਗਰ ਦੇ ਇਕ ਘਰ ‘ਚ ਲੁਕੇ ਹੋਏ ਸਨ, ਜਿਨ੍ਹਾਂ ਦਾ ਸਾਲ 2018 ‘ਚ ਐਂਕਾਊਂਟਰ ਕੀਤਾ ਗਿਆ ਸੀ। ਹਾਲਾਂਕਿ ਉਸੇ ਸਾਲ ਹਰਮਿੰਦਰ ਸਿੰਘ ਮਿੰਟੂ ਦੀ ਜੇਲ੍ਹ ‘ਚ ਮੌਤ ਹੋ ਗਈ ਸੀ।