ਨੇਮਾਰ ਸੱਟ ਤੋਂ ਵਾਪਸੀ ਕਰਨ ‘ਤੇ ਪੂਰੀ ਤਰ੍ਹਾਂ ਫਿੱਟ ਦਿਖਾਈ ਦਿੱਤੇ ਤੇ ਉਨ੍ਹਾਂ ਦੇ ਗੋਲ ਨਾਲ ਬ੍ਰਾਜ਼ੀਲ ਨੇ ਸਾਊਥ ਕੋਰੀਆ ਨੂੰ 4-1 ਨਾਲ ਹਰਾ ਕੇ ਫੀਫਾ ਵਰਲਡ ਕੱਪ ਦੇ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਹੈ। ਨੇਮਾਰ ਨੇ ਸੱਟ ਤੋਂ ਵਾਪਸੀ ਕਰਦੇ ਹੋਏ ਕੋਰੀਆ ਦੇ ਖ਼ਿਲਾਫ਼ ਪੈਨਲਟੀ ਨੂੰ ਗੋਲ ‘ਚ ਬਦਲਿਆ। ਇਸ ਗੋਲ ਨਾਲ ਉਹ ਬ੍ਰਾਜ਼ੀਲ ਲਈ ਸਭ ਤੋਂ ਵੱਧ ਗੋਲ ਕਰਨ ਦੇ ਪੇਲੇ ਦੇ ਰਿਕਾਰਡ ਦੇ ਨੇੜੇ ਆ ਗਏ। ਨੇਮਾਰ ਨੇ ਰਾਸ਼ਟਰੀ ਟੀਮ ਲਈ 76 ਗੋਲ ਕੀਤੇ ਹਨ, ਜੋ ਪੇਲੇ ਦੇ ਰਿਕਾਰਡ ਤੋਂ ਸਿਰਫ਼ ਇਕ ਗੋਲ ਪਿੱਛੇ ਹਨ। ਪੇਲੇ ਇਸ ਸਮੇਂ ਸਾਓ ਪਾਓਲੋ ਦੇ ਇਕ ਹਸਪਤਾਲ ‘ਚ ਇਲਾਜ ਅਧੀਨ ਹਨ। ਨੇਮਾਰ ਤੋਂ ਇਲਾਵਾ ਬ੍ਰਾਜ਼ੀਲ ਲਈ ਹੋਰ ਗੋਲ ਵਿਨੀਸੀਅਸ ਜੂਨੀਅਰ (7ਵੇਂ ਮਿੰਟ), ਰਿਚਰਲਿਸਨ (29ਵੇਂ ਮਿੰਟ) ਅਤੇ ਲੁਕਾਸ ਪੇਕਵੇਟਾ (36ਵੇਂ ਮਿੰਟ) ਨੇ ਕੀਤੇ। ਬ੍ਰਾਜ਼ੀਲ ਦੇ ਸਾਰੇ ਚਾਰ ਗੋਲ ਪਹਿਲੇ ਹਾਫ ‘ਚ ਹੋਏ। ਕੋਰੀਆ ਲਈ ਪੇਕ ਸੇਯੁੰਗ-ਹੋ ਨੇ 76ਵੇਂ ਮਿੰਟ ‘ਚ ਇਕਲੌਤਾ ਗੋਲ ਕੀਤਾ। ਨੇਮਾਰ ਨੇ ਮੈਚ ਤੋਂ ਬਾਅਦ ਕਿਹਾ, ‘ਮੈਂ ਬਹੁਤ ਡਰਿਆ ਹੋਇਆ ਸੀ। ਇਸ ਤਰ੍ਹਾਂ ਦੀ ਸੱਟ ਤੋਂ ਬਾਅਦ ਵਾਪਸੀ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ। ਮੈਂ ਸਾਰੀ ਰਾਤ ਰੋ ਰਿਹਾ ਸੀ। ਮੇਰਾ ਪਰਿਵਾਰ ਜਾਣਦਾ ਹੈ ਕਿ ਮੈਂ ਕਿਸ ਹਾਲਾਤ ਵਿੱਚੋਂ ਲੰਘ ਰਿਹਾ ਸੀ ਪਰ ਅੰਤ ‘ਚ ਸਭ ਕੁਝ ਸਹੀ ਰਿਹਾ। ਫਿਜ਼ੀਓਥੈਰੇਪੀ ਸਫਲ ਰਹੀ। ਜ਼ਿਕਰਯੋਗ ਹੈ ਕਿ ਪੇਲੇ ਦੀ ਸਾਹ ਦੀ ਬੀਮਾਰੀ ਦਾ ਇਲਾਜ ਕੀਤਾ ਜਾ ਰਿਹਾ ਹੈ ਜੋ ਕੋਵਿਡ-19 ਕਾਰਨ ਵਧ ਗਈ ਹੈ। ਬ੍ਰਾਜ਼ੀਲ ਅਤੇ ਦੁਨੀਆ ਭਰ ਦੇ ਪ੍ਰਸ਼ੰਸਕ ਉਨ੍ਹਾਂ ਦੀ ਹਾਲਤ ਨੂੰ ਲੈ ਕੇ ਚਿੰਤਤ ਹਨ। ਮੈਚ ਤੋਂ ਬਾਅਦ ਨੇਮਾਰ ਨੇ ਇਸ ਮਹਾਨ ਫੁੱਟਬਾਲ ਖਿਡਾਰੀ ਦੀ ਤਸਵੀਰ ਵਾਲਾ ਬੈਨਰ ਮੈਦਾਨ ‘ਤੇ ਲਿਆਂਦਾ, ਜਿਸ ‘ਤੇ ‘ਪੇਲੇ’ ਲਿਖਿਆ ਹੋਇਆ ਸੀ। ਪੂਰੀ ਟੀਮ ਨੇ ਫਿਰ ਮਿਡਫੀਲਡ ਦੇ ਨੇੜੇ ਇਸ ਬੈਨਰ ਦੇ ਪਿੱਛੇ ਖੜ੍ਹੇ ਹੋ ਕੇ ਤਸਵੀਰ ਖਿੱਚਵਾਈ। ਨੇਮਾਰ ਨੇ ਕਿਹਾ, ‘ਪੇਲੇ ਜਿਸ ਹਾਲਾਤ ਤੋਂ ਗੁਜ਼ਰ ਰਹੇ ਹਨ ਉਸ ਬਾਰੇ ”ਚ ਗੱਲ ਕਰਨਾ ਆਸਾਨ ਨਹੀਂ ਹੈ। ਅਸੀਂ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੇ ਹਾਂ। ਉਮੀਦ ਕਰਦੇ ਹਾਂ ਕਿ ਇਸ ਬੈਨਰ ਤੇ ਜਿੱਤ ਨਾਲ ਅਸੀਂ ਉਨ੍ਹਾਂ ਨੂੰ ਥੋੜ੍ਹਾ ਬਿਹਤਰ ਮਹਿਸੂਸ ਕਰਵਾਇਆ ਹੋਵੇਗਾ।’