ਨਾਰਥ ਯਾਰਕ ‘ਚ ਫੁਟਬਾਲ ਅਤੇ ਬਾਸਕਟਬਾਲ ਦੀ ਸਹੂਲਤ ਵਾਲੀ ਥਾਂ ਅੰਦਰ ਫਾਇਰਿੰਗ ਕਰਕੇ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ ਦੋ ਹੋਰ ਜ਼ਖਮੀ ਹੋਣ ਕਾਰਨ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਏ ਗਏ ਹਨ। ਪੁਲੀਸ ਮੁਤਾਬਕ ਸ਼ਾਮ ਕਰੀਬ 7.20 ਵਜੇ ਕਈ ਲੋਕਾਂ ਨੇ ਡਫਰਿਨ ਸਟਰੀਟ ਦੇ ਪੱਛਮ ‘ਚ ਫਿੰਚ ਐਵੇਨਿਊ ਅਤੇ ਅਲਨੇਸ ਸਟਰੀਟ ਨੇੜੇ ਗੋਲੀਆਂ ਚੱਲਣ ਦੀ ਸੂਚਨਾ ਦਿੱਤੀ। ਥੋੜ੍ਹੇ ਸਮੇਂ ਬਾਅਦ ਅਧਿਕਾਰੀਆਂ ਨੇ ਲਾ ਲੀਗਾ ਸਪੋਰਟਸ ਕੰਪਲੈਕਸ ‘ਚ ਜਵਾਬ ਦਿੱਤਾ ਅਤੇ ਬੰਦੂਕ ਦੇ ਜ਼ਖ਼ਮਾਂ ਵਾਲੇ ਤਿੰਨ ਵਿਅਕਤੀਆਂ ਨੂੰ ਲੱਭਿਆ। ਪੁਲੀਸ ਨੇ ਕਿਹਾ ਕਿ ਉਨ੍ਹਾਂ ਦੀਆਂ ਸੱਟਾਂ ਗੰਭੀਰ ਤੋਂ ਲੈ ਕੇ ਜਾਨਲੇਵਾ ਤੱਕ ਸਨ। ਟੋਰਾਂਟੋ ਪੈਰਾਮੈਡਿਕ ਸੇਵਾਵਾਂ ਨੇ ਤਿੰਨਾਂ ਪੀੜਤਾਂ ਨੂੰ ਸਥਾਨਕ ਟਰਾਮਾ ਸੈਂਟਰਾਂ ‘ਚ ਪਹੁੰਚਾਇਆ। ਐਤਵਾਰ ਦੇਰ ਰਾਤ ਇਕ ਅਪਡੇਟ ‘ਚ ਪੁਲੀਸ ਨੇ ਕਿਹਾ ਕਿ ਉਨ੍ਹਾਂ ਪੀੜਤਾਂ ‘ਚੋਂ ਇਕ ਦੀ ਸੱਟਾਂ ਕਾਰਨ ਮੌਤ ਹੋ ਗਈ ਹੈ। ਬਾਕੀ ਦੋ ਵਿਅਕਤੀ ਹਸਪਤਾਲ ‘ਚ ਜ਼ੇਰੇ ਇਲਾਜ ਹਨ। ਪੁਲੀਸ ਨੇ ਦੱਸਿਆ ਕਿ ਗੋਲੀਆਂ ਲੱਗਣ ਕਰਕੇ ਜ਼ਖਮੀ ਹੋਏ ਸਾਰੇ ਪੁਰਸ਼ਾਂ ਦੀ ਉਮਰ 20 ਸਾਲ ਤੋਂ ਵੱਧ ਹੈ। ਡਿਊਟੀ ਇੰਸਪੈਕਟਰ ਸਲੀਮ ਹੁਸੈਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸ਼ੱਕੀਆਂ ਜਾਂ ਫਾਇਰਿੰਗ ਦੇ ਕਾਰਨਾਂ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਹੈ। ਪੁਲੀਸ ਨੇ ਘਟਨਾ ਸਥਾਨ ਨੂੰ ਘੇਰ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ। ਹੁਸੈਨ ਨੇ ਕਿਹਾ ਕਿ ਇਹ ਅਜੇ ਸਪੱਸ਼ਟ ਨਹੀਂ ਹੈ ਕਿ ਕੀ ਸਾਰੇ ਪੀੜਤਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ।