ਮੱਧ ਪ੍ਰਦੇਸ਼ ਦੇ ਧਾਰ ਜ਼ਿਲ੍ਹੇ ’ਚ ਮਹਾਰਾਸ਼ਟਰ ਵੱਲ ਜਾ ਰਹੀ ਬੱਸ ਨਰਮਦਾ ਨਦੀ ’ਚ ਡਿੱਗਣ ਕਾਰਨ 12 ਵਿਅਕਤੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕਾਂ ’ਚ ਚਾਰ ਮਹਿਲਾਵਾਂ ਤੇ ਇਕ ਬੱਚਾ ਵੀ ਸ਼ਾਮਲ ਹਨ। ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਕਿਹਾ ਕਿ ਇਸ ਹਾਦਸੇ ’ਚ 15 ਵਿਅਕਤੀਆਂ ਨੂੰ ਬਚਾਇਆ ਗਿਆ ਹੈ। ਮਹਾਰਾਸ਼ਟਰ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਨਾਲ ਸਬੰਧਤ ਇਸ ਬੱਸ ’ਚ 30-32 ਮੁਸਾਫ਼ਰ ਸਵਾਰ ਦੱਸੇ ਜਾ ਰਹੇ ਹਨ। ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਘਟਨਾ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਐੱਮ.ਐੱਸ.ਆਰ.ਟੀ.ਸੀ. ਨੂੰ ਤੁਰੰਤ ਕਾਰਵਾਈ ਦੇ ਹੁਕਮ ਦਿੰਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਲਈ 10-10 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਇਸ ਤੋਂ ਬਾਅਦ ਕਾਰਪੋਰੇਸ਼ਨ ਨੇ ਵੀ ਮ੍ਰਿਤਕਾਂ ਦੇ ਪਰਿਵਾਰਾਂ ਲਈ 10-10 ਲੱਖ ਰੁਪਏ ਦਾ ਮੁਆਵਜ਼ਾ ਐਲਾਨਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਬੱਸ ਸਵੇਰੇ 7.30 ਵਜੇ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਮਹਾਰਾਸ਼ਟਰ ਦੇ ਜਲਗਾਓਂ ਜ਼ਿਲ੍ਹੇ ਵਿਚਲੇ ਆਮਲਨੇਰ ਲਈ ਰਵਾਨਾ ਹੋਈ ਸੀ। ਇਹ ਬੱਸ ਸਵੇਰੇ 10.15 ਵਜੇ ਦੇ ਕਰੀਬ ਜਦੋਂ ਖਾਲਘਾਟ ਤੇ ਤਿਗਡ਼ੀ ਵਿਚਾਲੇ ਪੁਲ ਲੰਘ ਰਹੀ ਸੀ ਤਾਂ ਇਹ ਪੁਲ ਦੀ ਰੇਲਿੰਗ ਤੋਡ਼ਦੀ ਹੋਈ ਨਰਮਦਾ ਨਦੀ ’ਚ ਜਾ ਡਿੱਗੀ। ਇੰਦੌਰ ਜ਼ੋਨ ਦੇ ਆਈ.ਜੀ. ਰਾਕੇਸ਼ ਗੁਪਤਾ ਨੇ ਕਿਹਾ ਕਿ ਹੁਣ ਤੱਕ 12 ਲਾਸ਼ਾਂ ਬਰਾਮਦ ਹੋਈਆਂ ਹਨ।