ਨਵੀਨੀਕਰਨ ਕੀਤੇ ਮਾਣ ਮਗਰੋਂ ਜਲ੍ਹਿਆਂਵਾਲਾ ਬਾਗ ਦੇ ਪ੍ਰਵੇਸ਼ ਦੁਆਰ ਨੂੰ ਲੈ ਕੇ ਪੈਦਾ ਵਿਵਾਦ ਹਾਲੇ ਕਿਸੇ ਤਣ ਪੱਤਣ ਨਹੀਂ ਸੀ ਲੱਗਿਆ ਕਿ ਹੁਣ ਨਵੀਨੀਕਰਨ ਦੇ ਇਕ ਸਾਲ ਪੂਰਾ ਹੋਣ ਸਮੇਂ ਸ਼ਹੀਦੀ ਸਮਾਰਕ ਵੱਲ ਜਾਂਦੇ ਰਾਹ ਦੇ ਦੋਵੇਂ ਪਾਸੇ ਲਗਾਈ ਗਈ ਲੱਕੜ ਦੀ ਰੇਲਿੰਗ ਟੁੱਟਣੀ ਸ਼ੁਰੂ ਹੋ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਸਾਲ ਪਹਿਲਾਂ ਜੱਲ੍ਹਿਆਂਵਾਲਾ ਬਾਗ਼ ਦੇ ਨਵੀਨੀਕਰਨ ਦਾ ਆਨਲਾਈਨ ਉਦਘਾਟਨ ਕੀਤਾ ਸੀ। ਪੁਰਾਤਨ ਦਿੱਖ ਦੇਣ ਦੇ ਮੰਤਵ ਨਾਲ ਸਮਾਰਕ ਵੱਲ ਜਾਂਦੇ ਰਾਹ ਦੇ ਦੋਵੇਂ ਪਾਸੇ ਸਟੀਲ ਦੀ ਰੇਲਿੰਗ ਹਟਾ ਕੇ ਲੱਕੜ ਦੀ ਨਵੀਂ ਰੇਲਿੰਗ ਲਗਾਈ ਗਈ ਸੀ। ਹੁਣ ਇਹ ਲੱਕੜ ਦੀ ਰੇਲਿੰਗ ਕਈ ਥਾਵਾਂ ਤੋਂ ਟੁੱਟ ਗਈ ਹੈ। ਮੀਂਹ ਤੇ ਧੁੱਪ ਕਾਰਨ ਕਈ ਥਾਈਂ ਲੱਕੜ ਨੂੰ ਸਿਉਂਕ ਲੱਗ ਗਈ ਹੈ। ਪ੍ਰਬੰਧਕਾਂ ਨੇ ਰੇਲਿੰਗ ਦੀ ਮੁਰੰਮਤ ਲਈ ਕਾਰੀਗਰਾਂ ਨੂੰ ਸੱਦਿਆ ਪਰ ਕਾਰੀਗਰਾਂ ਨੇ ਦੱਸਿਆ ਕਿ ਲੱਕੜ ਦੀ ਰੇਲਿੰਗ ਲੰਬਾ ਸਮਾਂ ਨਹੀਂ ਚੱਲੇਗੀ। ਇਸ ਤੋਂ ਪਹਿਲਾਂ ਇਥੇ ਲੱਗੀ ਸਟੀਲ ਦੀ ਰੇਲਿੰਗ ਹਰ ਤਰ੍ਹਾਂ ਦੇ ਮੌਸਮ ‘ਚ ਲੰਮੇ ਸਮੇਂ ਤੱਕ ਚੱਲਣ ਵਾਲੀ ਸੀ। ਉਨ੍ਹਾਂ ਕਿਹਾ ਕਿ ਸਮਾਰਕ ਦੇਖਣ ਆਉਂਦੇ ਯਾਤਰੀ ਇਥੇ ਰੇਲਿੰਗ ਦਾ ਆਸਰਾ ਲੈ ਕੇ ਫੋਟੋਆਂ ਖਿਚਵਾਉਂਦੇ ਹਨ, ਜਿਸ ਕਾਰਨ ਰੇਲਿੰਗ ਢਿੱਲੀ ਹੋ ਜਾਂਦੀ ਹੈ ਅਤੇ ਇਸ ਦੇ ਡਿੱਗਣ ਦਾ ਖਤਰਾ ਬਣਿਆ ਰਹਿੰਦਾ ਹੈ। ਇਸੇ ਤਰ੍ਹਾਂ ਅੰਗਰੇਜ਼ੀ ਹੁਕਮਰਾਨ ਜਨਰਲ ਡਾਇਰ ਵੱਲੋਂ ਗੋਲੀ ਚਲਾਉਣ ਦੇ ਹੁਕਮ ਦੇਣ ਵਾਲੀ ਥਾਂ ਦੁਆਲੇ ਸਟੀਲ ਦੀ ਰੇਲਿੰਗ ਲਗਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਇਥੇ ਬੁਰਜੀ ਬਣੀ ਹੁੰਦੀ ਸੀ, ਜੋ ਇਸ ਸਥਾਨ ਬਾਰੇ ਸੰਕੇਤ ਕਰਦੀ ਸੀ ਪਰ ਨਵੀਨੀਕਰਨ ਦੌਰਾਨ ਇਸ ਬੁਰਜੀ ਨੂੰ ਹਟਾ ਦਿੱਤਾ ਗਿਆ ਸੀ। ਸ਼ਹੀਦੀ ਖੂਹ ਦੇ ਇਤਿਹਾਸ ਬਾਰੇ ਦੱਸਣ ਵਾਲੀ ਜਗ੍ਹਾ ਨੇੜੇ ਵੀ ਸਟੀਲ ਦੀ ਰੇਲਿੰਗ ਲਾ ਦਿੱਤੀ ਗਈ ਹੈ। ਸ਼ਹੀਦੀ ਖੂਹ ਦੇ ਆਲੇ-ਦੁਆਲੇ ਲੱਗੇ ਸ਼ੀਸ਼ੇ ਦਾ ਉਹ ਹਿੱਸਾ, ਜਿੱਥੋਂ ਯਾਤਰੂ ਪੈਸੇ ਅੰਦਰ ਸੁੱਟਦੇ ਸਨ, ਨੂੰ ਲੱਕੜ ਨਾਲ ਬੰਦ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਜਲ੍ਹਿਆਂਵਾਲਾ ਬਾਗ ਦੀ ਸ਼ਤਾਬਦੀ ਮੌਕੇ ਕੇਂਦਰ ਸਰਕਾਰ ਵੱਲੋਂ ਇਸ ਦੇ ਨਵੀਨੀਕਰਨ ਲਈ ਲਗਪਗ 19.83 ਕਰੋੜ ਰੁਪਏ ਖਰਚ ਕੀਤੇ ਗਏ ਸਨ।