ਨਵੇਂ ਸਾਲ ਮੌਕੇ ਲੱਖਾਂ ਦੀ ਗਿਣਤੀ ‘ਚ ਸ਼ਰਧਾਲੂਆਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਨਵੇਂ ਵਰ੍ਹੇ ਦਾ ਸਵਾਗਤ ਕੀਤਾ। ਸ੍ਰੀ ਦਰਬਾਰ ਸਾਹਿਬ ਵਿਖੇ ਦੇਰ ਸ਼ਾਮ ਤੋਂ ਹੀ ਵੱਡੀ ਗਿਣਤੀ ‘ਚ ਸੰਗਤ ਪੁੱਜਣੀ ਸ਼ੁਰੂ ਹੋ ਗਈ ਸੀ ਅਤੇ ਰਾਤ ਤੱਕ ਪਰਿਕਰਮਾ ‘ਚ ਕੋਈ ਜਗ੍ਹਾ ਨਹੀਂ ਬਚੀ ਸੀ। ਪਰਿਕਰਮਾ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੀਆਂ ਸਰਾਵਾਂ, ਗੈਸਟ ਹਾਊਸ ਅਤੇ ਹੋਰ ਹਾਲ ਸੰਗਤ ਨਾਲ ਪੂਰੀ ਤਰ੍ਹਾਂ ਭਰੇ ਹੋਏ ਸਨ। ਇਸ ਦੌਰਾਨ ਦਰਬਾਰ ਸਾਹਿਬ ਪੁੱਜੀ ਸੰਗਤ ਵੱਲੋਂ ਪਰਿਕਰਮਾ ‘ਚ ਬੈਠ ਕੇ ਸਾਰੀ ਰਾਤ ਜਾਪ ਕੀਤਾ ਗਿਆ ਅਤੇ ਗੁਰੂ ਰਾਮਦਾਸ ਲੰਗਰ ਹਾਲ ‘ਚ ਸਾਰੀ ਰਾਤ ਲੰਗਤ ਦੀ ਸੇਵਾ ਚੱਲਦੀ ਰਹੀ। ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸਤਨਾਮ ਸਿੰਘ ਮਾਂਗਾਸਰਾਏ ਦੇ ਮੁਤਾਬਕ ਬੀਤੀ ਰਾਤ ਲਗਪਗ ਦੋ ਲੱਖ ਤੋਂ ਵੱਧ ਸ਼ਰਧਾਲੂਆਂ ਨੇ ਦਰਬਾਰ ਸਾਹਿਬ ਮੱਥਾ ਟੇਕ ਕੇ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸੱਚਖੰਡ ਵਿਖੇ ਮੱਥਾ ਟੇਕਣ ਲਈ ਲਗਪਗ ਤਿੰਨ ਘੰਟੇ ਤੋਂ ਵੱਧ ਦਾ ਸਮਾਂ ਲਗ ਰਿਹਾ ਸੀ ਤੇ ਸੰਗਤ ਆਪਣੀ ਵਾਰੀ ਦੀ ਉਡੀਕ ‘ਚ ਬੇਰ ਬਾਬਾ ਬੁੱਢਾ ਸਾਹਿਬ ਤੱਕ ਖੜ੍ਹੀ ਸੀ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਹੋਰ ਕਈ ਪ੍ਰਮੁੱਖ ਸ਼ਖਸੀਅਤਾਂ ਨੇ ਮੱਥਾ ਟੇਕਿਆ। ਇਸੇ ਦੌਰਾਨ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਅੱਜ ਗੁਰੂ ਘਰ ‘ਚ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਹੈ। ਖਾਸ ਕਰਕੇ ਸਰਕਾਰ ਨੂੰ ਸੁਮੱਤ ਬਖਸ਼ਣ ਦੀ ਅਪੀਲ ਕੀਤੀ ਹੈ ਤਾਂ ਜੋ ਪੰਜਾਬ ‘ਚ ਆਪਸੀ ਭਾਈਚਾਰਕ ਸਾਂਝ ਅਤੇ ਅਮਨ-ਸ਼ਾਂਤੀ ਬਣੀ ਰਹੇ।