ਇੰਡੀਆ ਦੇ ਨੌਜਵਾਨ ਨਿਸ਼ਾਨੇਬਾਜ਼ ਰੁਦਰਕਸ਼ ਪਾਟਿਲ ਨੇ ਆਈ.ਐੱਸ.ਐੱਸ.ਐੱਫ. ਵਰਲਡ ਚੈਂਪੀਅਨਸ਼ਿਪ ‘ਚ ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ‘ਚ ਸੋਨ ਤਗ਼ਮਾ ਜਿੱਤ ਕੇ ਪੈਰਿਸ ਓਲੰਪਿਕ ਕੋਟਾ ਹਾਸਲ ਕੀਤਾ ਹੈ। ਉਹ 10 ਮੀਟਰ ਏਅਰ ਰਾਈਫਲ ਮੁਕਾਬਲੇ ‘ਚ ਇਹ ਉਪਲੱਬਧੀ ਹਾਸਲ ਕਰਨ ਵਾਲਾ ਅਭਿਨਵ ਬਿੰਦਰਾ ਤੋਂ ਬਾਅਦ ਦੂਜਾ ਭਾਰਤੀ ਨਿਸ਼ਾਨੇਬਾਜ਼ ਬਣ ਗਿਆ ਹੈ। 18 ਸਾਲਾ ਪਾਟਿਲ ਨੇ ਸੋਨ ਤਗ਼ਮੇ ਦੇ ਮੈਚ ‘ਚ ਇਟਲੀ ਦੇ ਡੈਨੀਲੋ ਡੈਨਿਸ ਸੋਲਾਜ਼ੋ ਨੂੰ 17-13 ਨਾਲ ਹਰਾਇਆ। ਪਹਿਲੀ ਵਾਰ ਵਰਲਡ ਚੈਂਪੀਅਨਸ਼ਿਪ ‘ਚ ਹਿੱਸਾ ਲੈ ਰਿਹਾ ਪਾਟਿਲ ਚੋਟੀ ਦੇ ਦੋ ਖਿਡਾਰੀਆਂ ਦਾ ਫੈਸਲਾ ਕਰਨ ਲਈ ਨਵੇਂ ਫਾਰਮੈਟ ‘ਚ ਖੇਡੇ ਗਏ ਸੋਨ ਤਗਮੇ ਦੇ ਮੈਚ ‘ਚ ਇਕ ਸਮੇਂ 4-10 ਨਾਲ ਪਿੱਛੇ ਸੀ। ਇਟਲੀ ਦੇ ਨਿਸ਼ਾਨੇਬਾਜ਼ ਨੇ ਮੈਚ ਦਾ ਜ਼ਿਆਦਾਤਰ ਸਮਾਂ ਲੀਡ ਬਣਾਈ ਰੱਖੀ ਪਰ ਭਾਰਤੀ ਨਿਸ਼ਾਨੇਬਾਜ਼ ਨੇ ਸ਼ਾਨਦਾਰ ਵਾਪਸੀ ਕਰਦਿਆਂ ਜਿੱਤ ਹਾਸਲ ਕਰਕੇ ਸੋਨ ਤਗ਼ਮਾ ਆਪਣੇ ਨਾਮ ਕੀਤਾ।