ਜਲੰਧਰ ਸਦਰ ਦੇ ਅਧੀਨ ਪੈਂਦੇ ਪਿੰਡ ਲਖਨਪਾਲ ‘ਚ ਲੰਘੀ ਦੇਰ ਰਾਤ ਨਸ਼ਾ ਵਿਰੋਧੀ ਫਰੰਟ ਲਖਨਪਾਲ ਤੇ ਪਿੰਡ ਦੇ ਨੰਬਰਦਾਰ ਰਾਮ ਗੋਪਾਲ ‘ਤੇ ਜਾਨਲੇਵਾ ਹਮਲਾ ਕੀਤਾ ਗਿਆ, ਜਿੱਥੋਂ ਉਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ, ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਰਾਮ ਗੋਪਾਲ ਲੰਘੀ ਰਾਤ ਮੋਟਰਸਾਈਕਲ ‘ਤੇ ਆਪਣੇ ਘਰ ਵੱਲ ਜਾ ਰਿਹਾ ਸੀ। ਇਸ ਦੌਰਾਨ ਕਾਲੇ ਰੰਗ ਦੀ ਇਨੋਵਾ ਗੱਡੀ ਨੇ ਉਸ ਦੇ ਮੋਟਰਸਾਈਕਲ ‘ਚ ਟੱਕਰ ਮਾਰ ਦਿੱਤੀ ਜਿਸ ਕਾਰਨ ਰਾਮ ਗੋਪਾਲ ਡਿੱਗ ਪਿਆ। ਇਸ ਮਗਰੋਂ ਹਮਲਾਵਰਾਂ ਨੇ ਉਸ ਦੇ ਮੂੰਹ ਅਤੇ ਸਿਰ ‘ਤੇ ਹਥਿਆਰਾਂ ਨਾਲ ਕਈ ਵਾਰ ਕੀਤੇ। ਲੋਕਾਂ ਨੇ ਉਸ ਨੂੰ ਜ਼ਖ਼ਮੀ ਹਾਲਤ ‘ਚ ਜਲੰਧਰ ਦੇ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਨੇੜਲੇ ਰਿਸ਼ਤੇਦਾਰ ਦੇ ਬਿਆਨਾਂ ‘ਤੇ ਕੇਸ ਦਰਜ ਕਰਨ ਮਗਰੋਂ ਪੁਲੀਸ ਨੇ ਹੁਣ ਤੱਕ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਆਗੂ ਦੀ ਹੱਤਿਆ ਹੋਣ ਮਗਰੋਂ ਸਥਾਨਕ ਲੋਕਾਂ ਨੇ ਰੋਹ ‘ਚ ਆ ਕੇ ਫਗਵਾੜਾ-ਜੰਡਿਆਲਾ ਸੜਕ ‘ਤੇ ਆਵਾਜਾਈ ਠੱਪ ਕਰਕੇ ਧਰਨਾ ਲਾ ਦਿੱਤਾ। ਗ਼ੌਰਤਲਬ ਹੈ ਕਿ ਮਰਹੂਮ ਰਾਮ ਗੋਪਾਲ ਨਸ਼ਾ ਵਿਰੋਧੀ ਫਰੰਟ ਦਾ ਆਗੂ ਸੀ ਤੇ ਇਹ ਫਰੰਟ ਲਗਾਤਾਰ ਨਸ਼ਾ ਤਸਕਰਾਂ ਖ਼ਿਲਾਫ਼ ਧਰਨੇ ਲਗਾਉਂਦਾ ਆ ਰਿਹਾ ਹੈ। ਰਾਮ ਗੋਪਾਲ ਨੇ ਪਹਿਲਾਂ ਵੀ ਕਈ ਵਾਰ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਦੀ ਖ਼ਬਰ ਪੁਲੀਸ ਅਤੇ ਮੀਡੀਆ ਨੂੰ ਦਿੱਤੀ ਸੀ। ਧਰਨੇ ਨੂੰ ਜੰਡਿਆਲਾ ਦੇ ਸਰਪੰਚ ਮੱਖਣ ਪੱਲਣ, ਰੁੜਕਾ ਕਲਾਂ ਦੇ ਸਾਬਕਾ ਸਰਪੰਚ ਮੇਲਾ ਸਿੰਘ ਰੁੜਕਾ, ਜਮਹੂਰੀ ਕਿਸਾਨ ਸਭਾ ਦੇ ਆਗੂ ਜਸਵਿੰਦਰ ਸਿੰਘ ਢੇਸੀ, ਸ਼ਿਵ ਤਿਵਾੜੀ, ਨੰਬਰਦਾਰ ਯੂਨੀਅਨ ਦੇ ਪ੍ਰਧਾਨ ਅਸ਼ੋਕ ਸੰਧੂ ਤੇ ਹੋਰਨਾਂ ਨੇ ਸੰਬੋਧਨ ਕੀਤਾ। ਜਲੰਧਰ ਛਾਉਣੀ ਤੋਂ ਵਿਧਾਇਕ ਪਰਗਟ ਸਿੰਘ, ‘ਆਪ’ ਆਗੂ ਸੁਰਿੰਦਰ ਸਿੰਘ ਸੋਢੀ ਵੀ ਧਰਨੇ ‘ਚ ਹਾਜ਼ਰ ਹੋਏ।