ਪੰਜਾਬ ‘ਚ ਨਸ਼ੇ ਦੀ ਓਵਰਡੋਜ਼ ਅਤੇ ‘ਚਿੱਟੇ’ ਨਾਲ ਮੌਤਾਂ ਦਾ ਸਿਲਸਿਲਾ ਨਿਰੰਤਰ ਜਾਰੀ ਹੈ ਅਤੇ ਅੱਜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਖੋਖਰ ‘ਚ ਨੌਜਵਾਨ ਕਬੱਡੀ ਖਿਡਾਰੀ ਦੀ ਨਸ਼ੇ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਪਿੰਡ ਖੋਖਰ ਦੇ 35 ਸਾਲਾ ਨੌਜਵਾਨ ਕਬੱਡੀ ਖਿਡਾਰੀ ਹਰਭਜਨ ਸਿੰਘ ਭਜਨਾ ਦੀ ‘ਚਿੱਟੇ’ ਕਾਰਨ ਮੌਤ ਹੋ ਗਈ ਹੈ। ਉਹ ਮਾਪਿਆਂ ਦਾ ਇਕਲੌਤਾ ਪੁੱਤ ਸੀ। ਹਰਭਜਨ ਸਿੰਘ ਦੇ ਦੋ ਬੱਚੇ ਵੀ ਹਨ। ਇਹ ਨੌਜਵਾਨ ਮਾਰਕੀਟ ਕਮੇਟੀ ਦਾ ਮੁਲਾਜ਼ਮ ਸੀ ਤੇ ਇਸ ਸਮੇਂ ਕੋਟਕਪੂਰਾ ਵਿਖੇ ਰਹਿ ਰਿਹਾ ਸੀ। ਉਸ ਦੀ ਮੌਤ ਵੀ ਕੋਟਕਪੂਰਾ ਵਿਖੇ ਹੋਈ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਹਰਭਜਨ ‘ਚਿੱਟੇ’ ਦਾ ਆਦੀ ਸੀ ਅਤੇ ਉਸਦੀ ਮੌਤ ਚਿੱਟੇ ਕਾਰਨ ਹੀ ਹੋਈ। ਇਕਲੌਤੇ ਪੁੱਤ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਰਿਵਾਰਕ ਮੈਂਬਰ ਦੱਸਦੇ ਹਨ ਕਿ ਉਹ ਪਿੰਡ ਦੇ ਆਪਣੇ ਸਾਥੀਆਂ ਨਾਲ ਘਰੋਂ ਗਿਆ ਅਤੇ ਉਨ੍ਹਾਂ ਨੂੰ ਬਾਅਦ ‘ਚ ਫੋਨ ਆਇਆ ਕਿ ਹਰਭਜਨ ਕੋਟਕਪੂਰਾ ਵਿਖੇ ਡਿੱਗਿਆ ਪਿਆ ਹੈ ਅਤੇ ਉਸਦੇ ਮੂੰਹ ‘ਚੋਂ ਝੱਗ ਨਿਕਲ ਰਹੀ ਸੀ ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਪਿੰਡ ‘ਚ ਸ਼ਰੇਆਮ ਚਿੱਟਾ ਵਿਕਦਾ ਹੈ। ਮਾਰਕੀਟ ਕਮੇਟੀ ‘ਚ ਕੱਚਾ ਮੁਲਾਜ਼ਮ ਕਬੱਡੀ ਖਿਡਾਰੀ ਹਰਭਜਨ ਆਪਣੇ ਪਿੱਛੇ 9 ਸਾਲ ਦਾ ਬੇਟਾ ਅਤੇ 8 ਸਾਲ ਦੀ ਬੇਟੀ ਛੱਡ ਗਿਆ। ਕਈ ਦਿਨ ਤੋਂ ਨਸ਼ੇ ਕਾਰਨ ਮੌਤਾਂ ਦੀਆਂ ਖ਼ਬਰਾਂ ਆ ਰਹੀਆਂ ਹਨ ਜਿਸ ਕਰਕੇ ਲੋਕਾਂ ‘ਚ ਸਰਕਾਰ ਅਤੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਭਾਰੀ ਰੋਹ ਹੈ। ਵਿਰੋਧੀ ਧਿਰ ਨੇ ਵੀ ਭਗਵੰਤ ਮਾਨ ਸਰਕਾਰ ‘ਤੇ ਨਸ਼ਾ ਰੋਕਣ ‘ਚ ਨਾਕਾਮ ਰਹਿਣ ਦਾ ਦੋਸ਼ ਲਾਇਆ ਹੈ।