ਆਮ ਆਦਮੀ ਪਾਰਟੀ ਦੇ ਕਈ ਆਗੂ ਕੇਂਦਰੀ ਏਜੰਸੀਆਂ ਦੀ ਰਾਡਾਰ ‘ਤੇ ਹਨ। ਦਿੱਲੀ ਤੇ ਪੰਜਾਬ ‘ਚ ਮੰਤਰੀਆਂ ਤੇ ਵਿਧਾਇਕਾਂ ‘ਤੇ ਵੀ ਈ.ਡੀ., ਇਨਕਮ ਟੈਕਸ ਤੇ ਸੀ.ਬੀ.ਆਈ. ਦੀ ਤਲਵਾਰ ਲਮਕ ਰਹੀ ਹੈ। ਦਿੱਲੀ ‘ਚ ਮੰਤਰੀ ਸਤਿੰਦਰ ਜੈਨ ਦੀ ਈ.ਡੀ. ਵੱਲੋਂ ਗ੍ਰਿਫ਼ਤਾਰੀ ਮਗਰੋਂ ਹੁਣ ਪੰਜਾਬ ਦੇ ਅਮਰਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਈ.ਡੀ. ਦੇ ਚੱਕਰ ‘ਚ ਘਿਰ ਗਏ ਹਨ। ਉਨ੍ਹਾਂ ਦੇ ਕਈ ਕਾਰੋਬਾਰੀ ਟਿਕਾਣਿਆਂ ‘ਤੇ ਅੱਜ ਐਨਫੋਰਸਮੈਂਟ ਡਾਇਰੈਕਟੋਰੇਟ ਦੀਆਂ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਗਈ। ਜਾਣਕਾਰੀ ਮੁਤਾਬਕ ਅੱਜ ਸਵੇਰੇ ਈ.ਡੀ. ਨੇ ਗੱਜਣਮਾਜਰਾ ਦੇ ਸਕੂਲਾਂ, ਰੀਅਲ ਅਸਟੇਟ ਅਤੇ ਫੈਕਟਰੀ ‘ਚ ਰੇਡ ਕੀਤੀ। ਸੂਤਰਾਂ ਮੁਤਾਬਕ ਵਿਧਾਇਕ ਗੱਜਣਮਾਜਰਾ ਦੇ ਕਰੀਬੀ ਲੋਕਾਂ ਦੇ ਘਰਾਂ ‘ਚ ਵੀ ਈ.ਡੀ. ਵੱਲੋਂ ਜਾਂਚ ਕੀਤੀ ਗਈ ਹੈ। ਫਿਲਹਾਲ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕਿ ਇਹ ਰੇਡ ਕਿਸ ਆਧਾਰ ‘ਤੇ ਕੀਤੀ ਗਈ ਹੈ। ਈ.ਡੀ. ਟੀਮਾਂ ਵੱਲੋਂ ਵਿਧਾਇਕ ਦੇ ਕਾਰੋਬਾਰ ਦੇ ਰਿਕਾਰਡ ਵੀ ਖੰਗਾਲੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਮਈ ਮਹੀਨੇ ‘ਚ ਵੀ ਵਿਧਾਇਕ ਗੱਜਣਮਾਜਰਾ ਦੇ ਟਿਕਾਣਿਆਂ ‘ਤੇ ਸੀ.ਬੀ.ਆਈ. ਵੱਲੋਂ ਰੇਡ ਕੀਤੀ ਗਈ ਸੀ। ਬੈਂਕ ਫਰਾਡ ਦੇ ਮਾਮਲੇ ਦੀ ਜਾਂਚ ਦੌਰਾਨ ਸੀ.ਬੀ.ਆਈ. ਨੇ ਐਕਸ਼ਨ ਲਿਆ ਸੀ। ਵਿਧਾਇਕ ਗੱਜਣਮਾਜਰਾ ਨੇ 2011 ਤੋਂ 2014 ਦਰਮਿਆਨ ਬੈਂਕ ਆਫ਼ ਇੰਡੀਆ ਤੋਂ ਕਰਜ਼ਾ ਲਿਆ ਸੀ ਅਤੇ ਇਹ ਕਰਜ਼ਾ ਕਰੀਬ 40.92 ਕਰੋੜ ਰੁਪਏ ਦਾ ਦੱਸਿਆ ਗਿਆ ਸੀ। ਬੈਂਕ ਦੀ ਲੁਧਿਆਣਾ ਬ੍ਰਾਂਚ ਨੇ ਇਸ ਸਬੰਧੀ ਸੀ.ਬੀ.ਆਈ. ਨੂੰ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਦੇ ਆਧਾਰ ‘ਤੇ ਸੀ.ਬੀ.ਆਈ. ਨੇ ਵਿਧਾਇਕ ਦੇ ਘਰ ਰੇਡ ਕੀਤੀ ਸੀ। ਸੀ.ਬੀ.ਆਈ. ਦੀ ਕਾਰਵਾਈ ਤੋਂ ਬਾਅਦ ਹੁਣ ਈ.ਡੀ. ਵਿਧਾਇਕ ਨੂੰ ਲੈ ਕੇ ਸਖ਼ਤ ਨਜ਼ਰ ਆ ਰਹੀ ਹੈ ਤੇ ਛਾਪੇਮਾਰੀ ਕਰਕੇ ਜਾਂਚ ਤੇਜ਼ ਕਰ ਦਿੱਤੀ ਹੈ।