ਪੁਲੀਸ ਨੇ ਡੇਰਾ ਰਾਧਾ ਸੁਆਮੀ ਸੁਰੱਖਿਆ ਅਧਿਕਾਰੀ ਤੇ ਸੈਕਟਰੀ ਸਮੇਤ ਦੋਵਾਂ ਧਿਰਾਂ ਦੇ ਸੈਂਕੜੇ ਸਮਰਥਕਾਂ ਤੇ ਇਰਾਦਾ ਕਤਲ ਅਤੇ ਹੋਰ ਧਰਾਵਾਂ ਤਹਿਤ ਮੁਕੱਦਮਾ ਦਰਜ ਲਿਆ ਹੈ। ਮੁੱਖ ਮਾਰਗ ਰੋਡ ਬਿਆਸ ‘ਤੇ ਗਾਵਾਂ ਨੂੰ ਲੈ ਕੇ ਡੇਰਾ ਰਾਧਾ ਸੁਆਮੀ ਬਿਆਸ ਅਤੇ ਤਰਨਾ ਦਲ ਦੇ ਨਿਹੰਗਾਂ ‘ਚ ਹੋਈ ਝੜਪ ਸਬੰਧੀ ਪੁਲੀਸ ਬਿਆਸ ਪੁਲੀਸ ਥਾਣੇ ‘ਚ ਡੇਰਾ ਰਾਧਾ ਸੁਆਮੀ ਦੇ ਸੁਰੱਖਿਆ ਅਧਿਕਾਰੀ ਤੇ ਸੈਕਟਰੀ ਤੋ ਇਲਾਵਾ ਤਰਨਾ ਦਲ ਦੇ ਨਿਹੰਗਾਂ ਸਮੇਤ ਸੈਂਕੜੇ ਸਮਰਥਕਾਂ ਤੇ ਇਰਾਦਾ ਕਤਲ ਅਤੇ ਵੱਖ ਵੱਖ ਧਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਕਿਸੇ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਨਹੀਂ ਹੋਈ। ਪੁਲੀਸ ਸੂਤਰਾਂ ਤੋ ਪ੍ਰਾਪਤ ਹੋਈ ਮੁੱਢਲੀ ਜਾਂਚ ਰਿਪੋਰਟ ਅਨੁਸਾਰ ਪੁਲੀਸ ਥਾਣਾ ਬਿਆਸ ਦੇ ਅਧੀਨ ਆਉਂਦੇ ਖੇਤਰ ਜੀ.ਟੀ. ਰੋਡ ਬਿਆਸ ਤੇ ਡੇਰਾ ਸਮਰਥਕਾਂ ਅਤੇ ਨਿਹੰਗਾਂ ਵਿਚਕਾਰ ਗਾਵਾਂ ਨੂੰ ਲੰਘਾਉਣ ਤੋ ਹੋਏ ਝਗੜੇ ਦੌਰਾਨ ਪੁਲੀਸ ਵੱਲੋਂ ਦੋਵਾਂ ਧਿਰਾਂ ਦੇ ਬਿਆਨ ਲੈਣ ਅਤੇ ਹਾਜ਼ਰ ਪੁਲੀਸ ਕਰਮਚਾਰੀ ਦੇ ਬਿਆਨ ਲੈ ਕੇ ਡੇਰਾ ਰਾਧਾ ਸੁਆਮੀ ਬਿਆਸ ਦੇ ਸੁਰੱਖਿਆ ਅਧਿਕਾਰੀ ਅਤੇ ਸਾਬਕਾ ਪੁਲੀਸ ਅਫ਼ਸਰ ਪਰਮਦੀਪ ਸਿੰਘ ਉਰਫ਼ ਤੇਜਾ, ਡੇਰਾ ਸੈਕਟਰੀ ਨਿਰਮਲ ਸਿੰਘ, ਬਾਬਾ ਗਊਆਂ ਵਾਲਾ ਨਿਹੰਗ ਮੁਖੀ ਅਤੇ ਨਿਹੰਗ ਬਾਬਾ ਸੁੱਖਾ ਸਿੰਘ ਸਮੇਤ ਸੈਂਕੜੇ ਸਮਰਥਕਾਂ ਵਿਰੁੱਧ ਜੇਰੇ ਧਾਰਾ 307, 336, 353, 332, 427, 148, 149, 186, 506 ਅਤੇ ਆਰਮਡ ਐਕਟ 25/27 ਤਹਿਤ ਮੁਕੱਦਮਾ ਨੰਬਰ 180 ਦਰਜ ਕੀਤਾ ਗਿਆ ਹੈ। ਜ਼ਖ਼ਮੀ ਪੁਲੀਸ ਚੌਕੀ ਇੰਚਾਰਜ ਸਠਿਆਲਾ ਬਲਵਿੰਦਰ ਸਿੰਘ ਨੇ ਬਿਆਨ ਕੀਤਾ ਉਹ ਉਥੇ ਡਿਊਟੀ ‘ਤੇ ਤਾਇਨਾਤ ਸੀ ਜਿਸ ਦੌਰਾਨ ਡੇਰਾ ਰਾਧਾ ਸੁਆਮੀ ਸਮਰਥਕਾਂ ਅਤੇ ਨਿਹੰਗਾਂ ਦੌਰਾਨ ਗਾਵਾਂ ਦੇ ਚਾਰਨ ਦੇ ਮਾਮਲੇ ਨੂੰ ਲੈ ਕਿ ਹੋਏ ਝਗੜੇ ‘ਚ ਤੇਜ਼ਧਾਰ ਹਥਿਆਰ, ਗੰਡਾਸੇ, ਕਿਰਪਾਨਾਂ ਅਤੇ ਇੱਟਾਂ ਰੋੜੇ ਚੱਲੇ ਜਿਸ ਦੌਰਾਨ ਪੁਲੀਸ ‘ਤੇ ਵੀ ਹਮਲਾ ਕਰਕੇ ਥਾਣਾ ਜੰਡਿਆਲਾ ਗੁਰੂ ਦੇ ਮੁੱਖ ਅਫ਼ਸਰ ਦਵਿੰਦਰ ਕੁਮਾਰ ਦੇ ਸਿਰ ‘ਚ ਸੱਟ ਅਤੇ ਮੇਰੀ ਪਿੱਠ ਤੇਜ਼ਧਾਰ ਹਥਿਆਰ ਦਾ ਵਾਰ ਅਤੇ ਸਰਕਾਰੀ ਅਤੇ ਪ੍ਰਾਈਵੇਟ ਗੱਡੀਆਂ ਦੀ ਭੰਨਤੋੜ ਕੀਤੀ ਅਤੇ ਕੁਝ ਹਵਾਈ ਫਾਇਰ ਵੀ ਕੀਤੇ। ਇਸੇ ਤਰ੍ਹਾਂ ਨਿਹੰਗ ਜਸਮੀਤ ਸਿੰਘ ਉਰਫ਼ ਰਿੰਕੂ ਵਾਸੀ ਅੱਲੋਵਾਲ ਨੇ ਪੁਲੀਸ ਨੂੰ ਦੱਸਿਆ ਕਿ ਉਹ ਆਪਣੇ ਸਾਥੀਆਂ ਸਮੇਤ ਜੀ.ਟੀ. ਰੋਡ ‘ਤੇ ਸ਼ਮਸ਼ਾਨਘਾਟ ਨਜ਼ਦੀਕ ਗਊਆਂ ਚਾਰ ਰਹੇ ਸਾਥੀ ਨਿਹੰਗ ਸਿੰਘਾ ਨੂੰ ਜਲ ਪਾਣੀ ਛਕਾ ਰਹੇ ਸਨ ਇਸੇ ਦੌਰਾਨ ਡੇਰਾ ਰਾਧਾ ਸੁਆਮੀ ਦੇ ਸੁਰੱਖਿਆ ਅਧਿਕਾਰੀ ਰਿਟਾਇਰਡ ਪੁਲੀਸ ਅਫ਼ਸਰ ਪਰਮਦੀਪ ਸਿੰਘ ਉਰਫ਼ ਤੇਜਾ, ਨਿਰਮਲ ਸਿੰਘ ਡੇਰਾ ਸੈਕਟਰੀ ਸਮੇਤ ਸੈਂਕੜੇ ਲੋਕਾਂ ਜਿਨ੍ਹਾਂ ਪਾਸ ਵੱਡੀ ਮਾਤਰਾ ‘ਚ ਤੇਜ਼ ਹਥਿਆਰ ਅਤੇ ਟਰੈਕਟਰ ਟਰਾਲੀਆਂ ‘ਚ ਇੱਟਾਂ ਰੋੜੇ ਕਰਕੇ ਲਿਆਏ ਸਨ ਅਚਾਨਕ ਹਮਲਾ ਕਰ ਦਿੱਤਾ ਅਤੇ ਅੱਧੀ ਦਰਜਨ ਦੇ ਕਰੀਬ ਨਿਹੰਗਾਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਅਤੇ ਬਾਬਾ ਤਰਸੇਮ ਸਿੰਘ ਦੀ ਸਵਿਫ਼ਟ ਗੱਡੀ ਵੀ ਭੰਨ ਦਿੱਤੀ। ਦੂਸਰੇ ਪਾਸੇ ਡੇਰਾ ਰਾਧਾ ਸੁਆਮੀ ਦੇ ਜ਼ਖ਼ਮੀ ਹੋਏ ਸੁਮਿਤ ਗਰੋਵਰ ਵਾਸੀ ਗੁੜਗਾਉਂ ਨੇ ਦੱਸਿਆ ਕਿ ਉਹ ਡੇਰਾ ਸੁਰੱਖਿਆ ਇੰਚਾਰਜ ਪਰਮਦੀਪ ਸਿੰਘ ਤੇਜਾ ਅਤੇ ਹੋਰ ਸੇਵਾਦਾਰਾ ਨਾਲ ਆਏ ਸਨ ਜਿੱਥੇ ਗੇਟ ਦੇ ਸਾਹਮਣੇ ਬਾਬਾ ਗਊਆਂ ਵਾਲਾ ਅਤੇ ਸੁੱਖਾ ਸਿੰਘ ਨੇ ਗੱਡੀ ਵਿਚੋਂ ਉੱਤਰ ਦਿਆਂ ਹੀ ਨੰਗੀ ਕਿਰਪਾਨ ਘੁੰਮਾ ਕੇ ਮਜ਼ਾ ਚਖਾਉਣ ਦੀ ਧਮਕੀ ਦਿੱਤੀ ਅਤੇ ਪਰਮਦੀਪ ਸਿੰਘ ਤੇਜਾ ਤੇ ਵਾਰ ਕਰਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੂੰ ਬਚਾਉਂਦੇ ਹੋਏ ਉਹ ਜ਼ਖ਼ਮੀ ਹੋ ਗਏ। ਉਨ੍ਹਾਂ ਕਿਹਾ ਪਰਮਦੀਪ ਸਿੰਘ ਤੇਜਾ ਨੇ ਸੇਵਾਦਾਰਾਂ ਦੀ ਸੁਰੱਖਿਆ ਲਈ ਹਵਾਈ ਫਾਇਰ ਕੀਤੇ। ਨਿਹੰਗਾਂ ਦੇ ਹਮਲੇ ‘ਚ ਉਨ੍ਹਾਂ ਨਾਲ ਤਿੰਨ ਹੋਰ ਸੇਵਾਦਾਰ ਵੀ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਅੰਮ੍ਰਿਤਸਰ ਦਾਖਲ ਕਰਵਾਈਆਂ ਗਿਆ ਹੈ। ਉਪਰੋਕਤ ਬਿਆਨਾਂ ਨੂੰ ਧਿਆਨ ‘ਚ ਰੱਖਦੇ ਹੋਏ ਪੁਲੀਸ ਥਾਣਾ ਬਿਆਸ ਦੇ ਮੁੱਖ ਅਫ਼ਸਰ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਮੁਕੱਦਮਾ ਨੰਬਰ 180 ਵੱਖ ਵੱਖ ਧਰਾਵਾਂ ਤਹਿਤ ਦਰਜ ਕਰਕੇ ਇਲਾਕਾ ਮਜਿਸਟਰੇਟ ਅਤੇ ਕੰਟਰੋਲ ਰੂਮ ਨੂੰ ਭੇਜ ਦਿੱਤੀ ਹੈ ਅਤੇ ਅਜੇ ਤੱਕ ਇਸ ਕੇਸ ‘ਚ ਕੋਈ ਗ੍ਰਿਫ਼ਤਾਰੀ ਨਹੀਂ ਪਾਈ ਗਈ ਹੈ। ਇਸ ਥਾਂ ‘ਤੇ ਦੋਹਾਂ ਧਿਰਾਂ ‘ਚ ਮੁੜ ਹਿੰਸਾ ਭੜਕਣ ਤੋਂ ਰੋਕਣ ਲਈ ਪੁਲੀਸ ਫੋਰਸ ਤਾਇਨਾਤ ਹੈ।