ਓਂਟਾਰੀਓ ‘ਚ ਨਫ਼ਰਤੀ ਅਪਰਾਧ ਫੈਲਾਉਣ ਦੇ ਦੋਸ਼ ਸ਼ਰਨ ਕਰੁਣਾਕਰਨ ਨਾਂ ਦੇ ਇਕ ਵਿਅਕਤੀ ਨੂੰ ਕੈਨੇਡਾ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਇਸ 28 ਸਾਲਾ ਵਿਅਕਤੀ ਨੂੰ ਇਕ ਮਸਜਿਦ ਦੇ ਬਾਹਰ ਨਫ਼ਰਤ ਨਾਲ ਪ੍ਰੇਰਿਤ ਘਟਨਾ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਸ ‘ਤੇ ਸ਼ਰਧਾਲੂਆਂ ਨੂੰ ਧਮਕੀਆਂ ਦੇਣ ਅਤੇ ਧਰਮ ਖ਼ਿਲਾਫ਼ ਅਪਸ਼ਬਦ ਬੋਲਣ ਦੇ ਦੋਸ਼ ਲਾਏ ਹਨ। ਸ਼ਰਨ ਕਰੁਣਾਕਰਨ ਨੇ ਇਕ ਸ਼ਰਧਾਲੂ ‘ਤੇ ਗੱਡੀ ਨਾਲ ਹਮਲਾ ਕੀਤਾ, ਫਿਰ ਉਸ ਨੂੰ ਧਮਕੀਆਂ ਦਿੱਤੀਆਂ ਅਤੇ ਧਰਮ ਖ਼ਿਲਾਫ਼ ਅਪਸ਼ਬਦ ਕਹੇ। ਚਸ਼ਮਦੀਦਾਂ ਨੇ ਪੁਲੀਸ ਨੂੰ ਦੱਸਿਆ ਕਿ ਦੋਸ਼ੀ ਨੇ ਜਾਣ ਤੋਂ ਪਹਿਲਾਂ ਪਾਰਕਿੰਗ ‘ਚ ਖਤਰਨਾਕ ਢੰਗ ਨਾਲ ਗੱਡੀ ਵੀ ਚਲਾਈ। ਯੌਰਕ ਰੀਜਨਲ ਪੁਲੀਸ ਨੇ ਕਿਹਾ ਕਿ ਉਨ੍ਹਾਂ ਨੇ 6 ਅਪ੍ਰੈਲ ਨੂੰ ਡੇਨੀਸਨ ਸਟ੍ਰੀਟ ਮਾਰਖਮ ‘ਤੇ ਇਕ ਮਸਜਿਦ ‘ਚ ਗੜਬੜ ਫੈਲਾਉਣ ਸਬੰਧੀ ਇਕ ਕਾਲ ਦਾ ਜਵਾਬ ਦਿੱਤਾ। ਸ਼ੱਕੀ ਦੀ ਪਛਾਣ ਕਰ ਲਈ ਗਈ ਸੀ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਵਾਰੰਟ ਜਾਰੀ ਕਰ ਦਿੱਤਾ ਗਿਆ ਸੀ ਜਦੋਂ ਕਿ ਉਸ ਨੂੰ ਲੱਭਣ ਦੇ ਯਤਨ ਕੀਤੇ ਜਾ ਰਹੇ ਸਨ। ਯੌਰਕ ਰੀਜਨਲ ਪੁਲੀਸ ਦੇ ਮੈਂਬਰਾਂ ਨੇ ਇੰਟੈਲੀਜੈਂਸ ਯੂਨਿਟ ਅਤੇ ਹੇਟ ਕ੍ਰਾਈਮ ਯੂਨਿਟ ਦੀ ਸਹਾਇਤਾ ਨਾਲ ਟੋਰਾਂਟੋ ‘ਚ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ। ਕਰੁਣਾਕਰਨ ਨੂੰ ਜ਼ਮਾਨਤ ਦੀ ਸੁਣਵਾਈ ਲਈ ਰੱਖਿਆ ਗਿਆ ਸੀ ਅਤੇ ਉਸਦੀ ਅਗਲੀ ਨਿਯਤ ਪੇਸ਼ੀ 11 ਅਪ੍ਰੈਲ ਨੂੰ ਨਿਊਮਾਰਕੇਟ ਦੇ ਟਾਊਨ ‘ਚ ਓਂਟਾਰੀਓ ਸੁਪੀਰੀਅਰ ਕੋਰਟ ਆਫ਼ ਜਸਟਿਸ ਵਿੱਚ ਹੋਵੇਗੀ। ਕੈਨੇਡੀਅਨ ਵਪਾਰ ਮੰਤਰੀ ਮੈਰੀ ਐਨ ਜੀ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਨਫ਼ਰਤੀ ਅਪਰਾਧ ਦੀ ਕੈਨੇਡੀਅਨ ਸਮਾਜ ‘ਚ ਕੋਈ ਥਾਂ ਨਹੀਂ ਹੈ।