‘ਅਸਲ ਆਜ਼ਾਦੀ’ ਰੈਲੀ ਕੱਢ ਰਹੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ‘ਤੇ ਅੱਜ ਇਕ ਨੌਜਵਾਨ ਨੇ ਗੋਲੀ ਚਲਾ ਦਿੱਤੀ। ਇਸ ਹਮਲੇ ‘ਚ ਇਮਰਾਨ ਖਾਨ ਸਮੇਤ ਕੁਝ ਹੋਰ ਲੋਕ ਜ਼ਖਮੀ ਹੋ ਗਏ। ਇਸ ਫਾਇਰਿੰਗ ‘ਚ ਇਕ ਵਿਅਕਤੀ ਦੀ ਮੌਤ ਵੀ ਹੋਈ ਹੈ। ਜਾਣਕਾਰੀ ਅਨੁਸਾਰ ਇਮਰਾਨ ਖਾਨ ਦੇ ਪੈਰ ‘ਚ ਗੋਲੀ ਲੱਗੀ ਹੈ ਜਿਸ ਤੋਂ ਬਾਅਦ ਉਨ੍ਹਾਂ ਨੂੰ ਫੌਰੀ ਹਸਪਤਾਲ ਲਿਜਾਇਆ ਗਿਆ। ਇਹ ਘਟਨਾ ਜ਼ਫਰਅਲੀ ਖਾਨ ਚੌਕ ‘ਚ ਵਾਪਰੀ। ਇਸ ਘਟਨਾ ‘ਚ ਚਾਰ ਹੋਰ ਜ਼ਖ਼ਮੀ ਵੀ ਹੋਏ ਹਨ। ਘਟਨਾ ਦੇ ਤੁਰੰਤ ਬਾਅਦ ਇਮਰਾਨ ਖਾਨ ਨੂੰ ਕੰਟੇਨਰ ਤੋਂ ਬੁਲੇਟਪਰੂਫ ਗੱਡੀ ‘ਚ ਤਬਦੀਲ ਕਰ ਦਿੱਤਾ ਗਿਆ। ਅਸਲ ‘ਚ ਉਹ ਕੰਟੇਨਰ ‘ਤੇ ਸਵਾਰ ਹੋ ਕੇ ਹੀ ਪਿਛਲੇ ਇਕ ਹਫਤੇ ਤੋਂ ਆਪਣਾ ਮਾਰਚ ਕੱਢ ਰਹੇ ਹਨ। ਜਾਣਕਾਰੀ ਮੁਤਾਬਕ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪਾਕਿਸਤਾਨੀ ਮੀਡੀਆ ਮੁਤਾਬਕ ਗੁਜਰਾਂਵਾਲਾ ਡਵੀਜ਼ਨ ਦੇ ਵਜ਼ੀਰਾਬਾਦ ਸ਼ਹਿਰ ‘ਚ ਜ਼ਫਰ ਅਲੀ ਖਾਨ ਚੌਕ ਨੇੜੇ ਸਾਬਕਾ ਪ੍ਰਧਾਨ ਮੰਤਰੀ ਦੇ ਕੰਟੇਨਰ ਨੇੜੇ ਗੋਲੀਬਾਰੀ ਕੀਤੀ ਗਈ ਹੈ। ਇਮਰਾਨ ਖਾਨ ਵਰਤਮਾਨ ‘ਚ ਇਸਲਾਮਾਬਾਦ ‘ਚ ਫੈਡਰਲ ਸਰਕਾਰ ਦੇ ਖ਼ਿਲਾਫ਼ ਇਕ ਰੋਸ ਮਾਰਚ ਦੀ ਅਗਵਾਈ ਕਰ ਰਹੇ ਹਨ ਅਤੇ ਤਤਕਾਲ ਚੋਣਾਂ ਦੀ ਮੰਗ ਕਰ ਰਹੇ ਹਨ। ਗੋਲੀਬਾਰੀ ‘ਚ ਸਿੰਧ ਦੇ ਸਾਬਕਾ ਗਵਰਨਰ ਇਮਰਾਨ ਇਸਮਾਈਲ ਅਤੇ ਫੈਜ਼ਲ ਜਾਵੇਦ ਸਮੇਤ 15 ਤੋਂ ਵੱਧ ਪੀ.ਟੀ.ਆਈ. ਵਰਕਰ ਜ਼ਖ਼ਮੀ ਹੋ ਗਏ ਹਨ। ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਨੇ ਦੱਸਿਆ ਕਿ ਉਹ ਇਮਰਾਨ ਖਾਨ ਦੀ ਵਿਚਾਰਧਾਰਾ ਨਾਲ ਸਹਿਮਤ ਨਹੀਂ ਹੈ ਜਿਸ ਕਰਕੇ ਉਸਨੇ ਇਮਰਾਨ ਖਾਨ ਨੂੰ ਗੋਲੀ ਮਾਰਨ ਦਾ ਕਦਮ ਚੁੱਕਿਆ। ਉਸਨੇ ਕਿਸੇ ਦੇ ਨਾਲ ਹੋਣ ਜਾਂ ਕਿਸੇ ਹੋਰ ਤਾਕਤ ਦੇ ਪਿੱਛੇ ਨਾ ਹੋਣ ਦੀ ਵੀ ਗੱਲ ਆਖੀ।