ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਗ੍ਰਿਫ਼ਤਾਰੀ ਤੋਂ ਬਾਅਦ ਪਾਕਿਸਤਾਨ ‘ਚ ਹਾਲਾਤ ਕਾਬੂ ਤੋਂ ਬਾਹਰ ਹੁੰਦੇ ਜਾ ਰਹੇ ਹਨ। ਇਮਰਾਨ ਖਾਨ ਦੀ ਗ੍ਰਿਫ਼ਤਾਰੀ ਤੋਂ ਇਕ ਦਿਨ ਬਾਅਦ ਪਾਕਿਸਤਾਨ ਦੇ ਕਈ ਸ਼ਹਿਰਾਂ ‘ਚ ਹਿੰਸਾ ਭੜਕ ਗਈ ਅਤੇ ਸਥਿਤੀ ਤਣਾਅਪੂਰਨ ਬਣੀ ਰਹੀ। ਪਿਛਲੇ 24 ਘੰਟਿਆਂ ਦੌਰਾਨ ਕਈ ਸ਼ਹਿਰਾਂ ‘ਚ ਇਮਰਾਨ ਖਾਨ ਦੇ ਸਮਰਥਕਾਂ ਅਤੇ ਸੁਰੱਖਿਆ ਬਲਾਂ ਵਿਚਾਲੇ ਹੋਈਆਂ ਹਿੰਸਕ ਝੜਪਾਂ ‘ਚ ਘੱਟੋ-ਘੱਟ 7 ਲੋਕ ਮਾਰੇ ਗਏ ਅਤੇ ਕਰੀਬ 300 ਹੋਰ ਜ਼ਖਮੀ ਹੋ ਗਏ। ਪੁਲੀਸ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਇਕ ਮਾਮਲੇ ‘ਚ ਇਮਰਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸਦੇ ਸਮਰਥਕਾਂ ਨੇ ਪੰਜਾਬ ‘ਚ 14 ਸਰਕਾਰੀ ਇਮਾਰਤਾਂ ਅਤੇ ਅਦਾਰਿਆਂ ਨੂੰ ਅੱਗ ਲਗਾ ਦਿੱਤੀ। ਉਨ੍ਹਾਂ ਨੇ ਪੁਲੀਸ ਦੀਆਂ 21 ਗੱਡੀਆਂ ਨੂੰ ਵੀ ਅੱਗ ਲਗਾ ਦਿੱਤੀ। ਇਮਰਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਸਮਰਥਕਾਂ ਨਾਲ ਝੜਪਾਂ ‘ਚ ਸੁਰੱਖਿਆ ਬਲਾਂ ਦੇ 130 ਅਧਿਕਾਰੀ ਅਤੇ ਕਰਮਚਾਰੀ ਜ਼ਖਮੀ ਹੋ ਗਏ। ਪੰਜਾਬ, ਖੈਬਰ-ਪਖਤੂਨਖਵਾ ਅਤੇ ਬਲੋਚਿਸਤਾਨ ‘ਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਫੌਜ ਤਾਇਨਾਤ ਕੀਤੀ ਗਈ ਹੈ। ਰਾਜਧਾਨੀ ਇਸਲਾਮਾਬਾਦ ‘ਚ ਵੀ ਫੌਜ ਨੂੰ ਉਤਾਰ ਦਿੱਤਾ ਗਿਆ ਹੈ। ਪ੍ਰਦਰਸ਼ਨਕਾਰੀਆਂ ਨੇ ਲਾਹੌਰ ‘ਚ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਰਿਹਾਇਸ਼ ‘ਤੇ ਹਮਲਾ ਕੀਤਾ। ਪੁਲੀਸ ਮੁਤਾਬਕ 500 ਤੋਂ ਜ਼ਿਆਦਾ ਪ੍ਰਦਰਸ਼ਨਕਾਰੀ ਪ੍ਰਧਾਨ ਮੰਤਰੀ ਨਿਵਾਸ ‘ਤੇ ਪਹੁੰਚੇ ਅਤੇ ਉਥੇ ਰੱਖੇ ਵਾਹਨਾਂ ਨੂੰ ਅੱਗ ਲਗਾ ਦਿੱਤੀ। ਉਨ੍ਹਾਂ ਨੇ ਰਿਹਾਇਸ਼ੀ ਕੰਪਲੈਕਸ ‘ਚ ਪੈਟਰੋਲ ਬੰਬ ਸੁੱਟੇ ਅਤੇ ਇਕ ਪੁਲੀਸ ਬੂਥ ਨੂੰ ਅੱਗ ਲਗਾ ਦਿੱਤੀ। ਇਸ ਤੋਂ ਪਹਿਲਾਂ ਇਮਰਾਨ ਦੀ ਗ੍ਰਿਫ਼ਤਾਰੀ ਤੋਂ ਗੁੱਸੇ ‘ਚ ਆਏ ਸਮਰਥਕਾਂ ਨੇ ਫੌਜ ਦੇ ਹੈੱਡਕੁਆਰਟਰ ‘ਤੇ ਹਮਲਾ ਕਰ ਦਿੱਤਾ ਸੀ। ਉਨ੍ਹਾਂ ਨੇ ਫੌਜੀ ਵਾਹਨਾਂ ਅਤੇ ਸਥਾਪਨਾਵਾਂ ‘ਤੇ ਹਮਲਾ ਕਰਦੇ ਹੋਏ ਲਾਹੌਰ ਕੋਰ ਕਮਾਂਡਰ ਦੀ ਰਿਹਾਇਸ਼ ਨੂੰ ਅੱਗ ਲਗਾ ਦਿੱਤੀ। ਡਾਨ ਅਖਬਾਰ ਨੇ ਰਿਪੋਰਟ ਦਿੱਤੀ ਕਿ ਪੀ.ਟੀ.ਆਈ. ਲੀਡਰਸ਼ਿਪ ਨੇ ਲੋਕਾਂ ਨੂੰ ‘ਵਧਦੇ ਫਾਸ਼ੀਵਾਦ’ ਦੇ ਖ਼ਿਲਾਫ਼ ਸੜਕਾਂ ‘ਤੇ ਆਉਣ ਦੀ ਅਪੀਲ ਕੀਤੀ ਅਤੇ ਸਮਰਥਕਾਂ ਨੂੰ ਕਿਹਾ ਕਿ ‘ਨਿਰਣਾਇਕ ਲੜਾਈ’ ਦਾ ਸਮਾਂ ਆ ਗਿਆ ਹੈ। ਯਾਦ ਰਹੇ ਕਿ ਬੀਤੇ ਦਿਨ ਇਮਰਾਨ ਖਾਨ ਦੀ ਗ੍ਰਿਫ਼ਤਾਰੀ ਦੀ ਖ਼ਬਰ ਮਿਲਦੇ ਹੀ ਦੇਸ਼ ਭਰ ‘ਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਸਨ।