ਪਾਕਿਸਤਾਨ ਅਤੇ ਬੰਗਲਾਦੇਸ਼ ਵਿਚਾਲੇ ਖੇਡੇ ਗਏ ਟੀ-20 ਵਰਲਡ ਕੱਪ ਦੇ ਮੈਚ ‘ਚ ਬੰਗਲਾਦੇਸ਼ ਦੇ ਕਪਤਾਨ ਸ਼ਾਕਿਬ ਅਲ ਹਸਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਬੰਗਲਾਦੇਸ਼ ਨੇ 20 ਓਵਰਾਂ ‘ਚ ਅੱਠ ਵਿਕਟਾਂ ‘ਤੇ 127 ਦੌੜਾਂ ਬਣਾਈਆਂ। ਪਾਕਿਸਤਾਨ ਨੇ 18.1 ਓਵਰਾਂ ‘ਚ ਪੰਜ ਵਿਕਟਾਂ ‘ਤੇ 128 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਇਸ ਤਰ੍ਹਾਂ ਪਾਕਿਸਤਾਨ ਨੇ ਬੰਗਲਾਦੇਸ਼ ਨੂੰ ਸੁਪਰ-12 ਦੇ ਆਪਣੇ ਆਖਰੀ ਮੈਚ ‘ਚ ਪੰਜ ਵਿਕਟਾਂ ਨਾਲ ਹਰਾ ਦਿੱਤਾ। ਐਡੀਲੇਡ ‘ਚ ਪਾਕਿਸਤਾਨ ਨੇ 128 ਦੌੜਾਂ ਦੇ ਟੀਚੇ ਨੂੰ 18.1 ਓਵਰਾਂ ‘ਚ ਪੰਜ ਵਿਕਟਾਂ ਦੇ ਨੁਕਸਾਨ ‘ਤੇ ਹਾਸਲ ਕਰ ਲਿਆ। ਪਾਕਿਸਤਾਨ ਦੀ ਇਸ ਜਿੱਤ ਦੇ ਹੀਰੋ ਸ਼ਾਹੀਨ ਅਫਰੀਦੀ ਰਹੇ। ਅਫਰੀਦੀ ਨੇ ਚਾਰ ਓਵਰਾਂ ‘ਚ 22 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਉਨ੍ਹਾਂ ਨੇ ਦੱਖਣੀ ਅਫ਼ਰੀਕਾ ਖ਼ਿਲਾਫ਼ ਅਹਿਮ ਮੈਚ ‘ਚ ਤਿੰਨ ਵਿਕਟਾਂ ਲਈਆਂ ਸਨ। ਪਾਕਿਸਤਾਨ ਬੰਗਲਾਦੇਸ਼ ਨੂੰ ਹਰਾ ਕੇ ਸੈਮੀਫਾਈਨਲ ‘ਚ ਪਹੁੰਚ ਗਿਆ ਹੈ। ਉਹ ਲਗਾਤਾਰ ਦੂਜੀ ਵਾਰ ਆਖਰੀ-4 ‘ਚ ਜਗ੍ਹਾ ਬਣਾਉਣ ‘ਚ ਸਫ਼ਲ ਰਿਹਾ ਹੈ। ਪਿਛਲੀ ਵਾਰ ਇਸ ਨੂੰ ਸੈਮੀਫਾਈਨਲ ‘ਚ ਆਸਟਰੇਲੀਆ ਨੇ ਹਰਾਇਆ ਸੀ।
ਬੰਗਲਾਦੇਸ਼ ਨੇ 20 ਓਵਰਾਂ ‘ਚ ਅੱਠ ਵਿਕਟਾਂ ‘ਤੇ 127 ਦੌੜਾਂ ਬਣਾਈਆਂ। ਉਸ ਦੇ ਲਈ ਨਜਮੁਲ ਹੁਸੈਨ ਸ਼ਾਂਤੋ ਨੇ 54 ਦੌੜਾਂ ਬਣਾਈਆਂ। ਆਫਿਫ ਹੁਸੈਨ ਨੇ ਨਾਬਾਦ 24 ਦੌੜਾਂ ਅਤੇ ਸੌਮਿਆ ਸਰਕਾਰ ਨੇ 20 ਦੌੜਾਂ ਬਣਾਈਆਂ। ਲਿਟਨ ਦਾਸ ਸਿਰਫ਼ 10 ਦੌੜਾਂ ਹੀ ਬਣਾ ਸਕੇ। ਕਪਤਾਨ ਸ਼ਾਕਿਬ ਅਲ ਹਸਨ ਅਤੇ ਨੂਰੁਲ ਹਸਨ ਖਾਤਾ ਵੀ ਨਹੀਂ ਖੋਲ੍ਹ ਸਕੇ। ਨਸੂਮ ਅਹਿਮਦ ਸੱਤ, ਮੋਸਾਦੇਕ ਹੁਸੈਨ ਪੰਜ ਅਤੇ ਤਸਕੀਨ ਅਹਿਮਦ ਇਕ ਦੌੜ ਬਣਾ ਕੇ ਆਊਟ ਹੋਏ। ਪਾਕਿਸਤਾਨ ਲਈ ਸ਼ਾਹੀਨ ਅਫਰੀਦੀ ਨੇ ਸਭ ਤੋਂ ਵੱਧ ਚਾਰ ਵਿਕਟਾਂ ਲਈਆਂ। ਸ਼ਾਦਾਬ ਖਾਨ ਨੂੰ ਦੋ ਸਫ਼ਲਤਾਵਾਂ ਮਿਲੀਆਂ। ਹੈਰਿਸ ਰਾਊਫ ਅਤੇ ਇਫਤਿਖਾਰ ਅਹਿਮਦ ਨੇ ਇਕ-ਇਕ ਵਿਕਟ ਲਈ। ਪਾਕਿਸਤਾਨ ਨੇ 128 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਮਜ਼ਬੂਤ ਸ਼ੁਰੂਆਤ ਕੀਤੀ। ਕਪਤਾਨ ਬਾਬਰ ਆਜ਼ਮ ਅਤੇ ਮੁਹੰਮਦ ਰਿਜ਼ਵਾਨ ਨੇ ਪਹਿਲੀ ਵਿਕਟ ਲਈ ਅਰਧ ਸੈਂਕੜੇ ਦੀ ਸਾਂਝੇਦਾਰੀ ਕੀਤੀ। ਰਿਜ਼ਵਾਨ ਨੇ ਸਭ ਤੋਂ ਵੱਧ 32 ਦੌੜਾਂ ਬਣਾਈਆਂ। ਉਸ ਤੋਂ ਇਲਾਵਾ ਮੁਹੰਮਦ ਹੈਰੀਸ ਨੇ 31, ਬਾਬਰ ਆਜ਼ਮ ਨੇ 25 ਅਤੇ ਸ਼ਾਨ ਮਸੂਦ ਨੇ ਨਾਬਾਦ 24 ਦੌੜਾਂ ਬਣਾਈਆਂ।
ਓਧਰ ਆਸਟਰੇਲੀਆ ਦੀ ਕ੍ਰਿਕਟ ਟੀਮ ਦਾ ਆਪਣੀ ਧਰਤੀ ‘ਤੇ ਵਰਲਡ ਕੱਪ ਜਿੱਤਣ ਦਾ ਸੁਫ਼ਨਾ ਫਿਲਹਾਲ ਟੁੱਟ ਗਿਆ ਹੈ। ਇੰਗਲੈਂਡ ਨੇ ਸ੍ਰੀਲੰਕਾ ਨੂੰ ਚਾਰ ਵਿਕਟਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਇੰਗਲੈਂਡ ਗਰੁੱਪ-1 ਦੇ ਸੈਮੀਫਾਈਨਲ ”ਚ ਜਾਣ ਵਾਲੀ ਦੂਜੀ ਟੀਮ ਬਣ ਗਈ ਹੈ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ 7 ਅੰਕ ਲੈ ਕੇ ਸੈਮੀਫਾਈਨਲ ‘ਚ ਪ੍ਰਵੇਸ਼ ਕੀਤਾ ਸੀ। ਹਾਲਾਂਕਿ ਆਸਟਰੇਲੀਆ ਦੇ ਵੀ 5 ਮੈਚਾਂ ‘ਚ 7 ਅੰਕ ਰਹੇ ਪਰ ਉਸ ਦੀ ਰਨ ਰੇਟ ਇੰਗਲੈਂਡ ਤੋਂ ਬਿਹਤਰ ਨਹੀਂ ਰਹੀ।
ਪਾਕਿਸਤਾਨ ਨੇ ਬੰਗਲਾਦੇਸ਼ ਨੂੰ ਹਰਾਇਆ, ਮੇਜ਼ਬਾਨ ਆਸਟਰੇਲੀਆ ਦਾ ਸੁਫਨਾ ਟੁੱਟਿਆ
Related Posts
Add A Comment