ਪਿਛਲੇ ਮੈਚ ‘ਚ ਪਾਕਿਸਤਾਨ ਨੂੰ ਬੁਰੀ ਤਰ੍ਹਾਂ ਹਰਾਉਣ ਵਾਲੀ ਭਾਰਤੀ ਮਹਿਲਾ ਟੀਮ ਨੇ ਟੀ-20 ਵਰਲਡ ਕੱਪ ਦੇ ਗਰੁੱਪ ਬੀ ਦੇ ਨੌਵੇਂ ਮੈਚ ‘ਚ ਵੈਸਟਇੰਡੀਜ਼ ਨੂੰ 6 ਵਿਕਟਾਂ ਨਾਲ ਮਾਤ ਦਿੱਤੀ ਹੈ। ਇੰਡੀਆ ਦੀ ਟੀਮ ਵੱਲੋਂ ਰਿਚਾ ਘੋਸ਼ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਨਾਬਾਦ 44 ਦੌੜਾਂ ਬਣਾਈਆਂ ਜਦਕਿ ਕਪਤਾਨ ਹਰਮਨਪ੍ਰੀਤ ਕੌਰ ਨੇ 33 ਦੌੜਾਂ ਬਣਾਈਆਂ। ਰਿਚਾ ਘੋਸ਼ ਤੇ ਕਪਤਾਨ ਹਰਮਨਪ੍ਰੀਤ ਕੌਰ ਵਿਚਾਲੇ ਚੌਥੀ ਵਿਕਟ ਲਈ 72 ਦੌੜਾਂ ਦੀ ਸਾਂਝੇਦਾਰੀ ਕੀਤੀ। ਇੰਡੀਆ ਦੀ ਟੂਰਨਾਮੈਂਟ ‘ਚ ਇਹ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਇੰਡੀਆ ਨੇ ਆਪਣੇ ਸ਼ੁਰੂਆਤੀ ਮੈਚ ‘ਚ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ ਸੀ। ਵੈਸਟਇੰਡੀਜ਼ ਦੀ ਟੀਮ ਦੀ ਇਸ ਸਵਰੂਪ ‘ਚ ਇਹ ਲਗਾਤਾਰ 13ਵੀਂ ਹਾਰ ਹੈ। ਦੀਪਤੀ ਨੇ 4 ਓਵਰਾਂ ‘ਚ 15 ਦੌੜਾਂ ਦੇ ਕੇ 3 ਵਿਕਟਾਂ ਲਈਆਂ ਜਿਸ ਨਾਲ ਵੈਸਟਇੰਡੀਜ਼ ਦੀ ਟੀਮ 6 ਵਿਕਟਾਂ ‘ਤੇ 118 ਦੌੜਾਂ ਹੀ ਬਣਾ ਸਕੀ। ਇੰਡੀਆ ਨੇ 18.1 ਓਵਰਾਂ ‘ਚ 4 ਵਿਕਟਾਂ ਗੁਆ ਕੇ ਜਿੱਤ ਦਰਜ ਕਰ ਲਈ। ਹਰਮਨਪ੍ਰੀਤ ਕੌਰ ਨੇ 42 ਗੇਂਦਾਂ ਦੀ ਪਾਰੀ ‘ਚ 3 ਚੌਕੇ ਲਗਾਏ ਜਦਕਿ ਜੇਤੂ ਚੌਕਾ ਲਾਉਣ ਵਾਲੀ ਰਿਚਾ ਨੇ 32 ਗੇਂਦਾਂ ਦੀ ਆਪਣੀ ਅਜੇਤੂ ਪਾਰੀ ‘ਚ 5 ਵਾਰ ਗੇਂਦ ਨੂੰ ਬਾਊਂਡਰੀ ਦੇ ਦਰਸ਼ਨ ਕਰਵਾਏ। ਟੀਚੇ ਦਾ ਪਿੱਚਾ ਕਰਦੇ ਹੋਏ ਸ਼ੈਫਾਲੀ ਵਰਮਾ (28) ਤੇ ਸਮ੍ਰਿਤੀ ਮੰਧਾਨਾ (10) ਨੇ ਸ਼ੁਰੂਆਤੀ ਦੋ ਓਵਰਾਂ ‘ਚ 28 ਦੌੜਾਂ ਜੋੜ ਕੇ ਟੀਮ ਨੂੰ ਹਮਲਵਾਰ ਸ਼ੁਰੂਆਤ ਦਿਵਾਈ।