ਗੁਜਰਾਤ ਟਾਈਟਨਸ ਖ਼ਿਲਾਫ਼ ਆਖ਼ਰੀ 5 ਗੇਂਦਾਂ ‘ਚ 5 ਛੱਕੇ ਲਗਾ ਕੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਇੰਡੀਅਨ ਪ੍ਰੀਮੀਅਰ ਲੀਗ ਟੀ-20 ਮੈਚ ਯਾਦਗਾਰ ਜਿੱਤ ਦਿਵਾਉਣ ਵਾਲੇ ਰਿੰਕੂ ਸਿੰਘ ਨੇ ਆਪਣਾ ਹਰ ਛੱਕਾ ਉਨ੍ਹਾਂ ਲਈ ਸੰਘਰਸ਼ ਕਰਨ ਵਾਲੇ ਪਰਿਵਾਰ ਨੂੰ ਸਮਰਪਿਤ ਕੀਤਾ। ਰਿੰਕੂ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਦੇ ਇਕ ਬਹੁਤ ਹੀ ਸਾਧਾਰਨ ਪਰਿਵਾਰ ਤੋਂ ਆਉਂਦਾ ਹੈ। ਉਸ ਦੇ ਪਿਤਾ ਘਰ-ਘਰ ਗੈਸ ਸਿਲੰਡਰ ਪਹੁੰਚਾਉਣ ਦਾ ਕੰਮ ਕਰਦੇ ਸਨ। ਪਰਿਵਾਰ ਨੂੰ ਕਰਜ਼ੇ ਦੇ ਬੋਝ ਵਿੱਚੋਂ ਕੱਢਣ ਲਈ ਰਿੰਕੂ ਨੇ ਉੱਤਰ ਪ੍ਰਦੇਸ਼ ਦੀ ਅੰਡਰ-19 ਟੀਮ ਦੇ ਖਿਡਾਰੀ ਵਜੋਂ ਮਿਲੇ ਵਜ਼ੀਫ਼ੇ ਨੂੰ ਬਚਾਉਣ ਲਈ ਘਰਾਂ ‘ਚ ਨੌਕਰ ਦਾ ਕੰਮ ਵੀ ਕੀਤਾ ਹੈ। ਉਸ ਨੇ 21 ਗੇਂਦਾਂ ‘ਚ 6 ਛੱਕੇ ਅਤੇ 1 ਚੌਕਾ ਲਗਾ ਕੇ ਗੁਜਰਾਤ ਦੇ ਜਬਾੜੇ ਤੋਂ ਜਿੱਤ ਖੋਹ ਲਈ। ਇਸ 25 ਸਾਲਾ ਖਿਡਾਰੀ ਨੇ ਪਿਛਲੇ ਸੀਜ਼ਨ ‘ਚ ਵੀ 15 ਗੇਂਦਾਂ ਵਿੱਚ 40 ਦੌੜਾਂ ਬਣਾਈਆਂ ਸਨ ਪਰ ਲਖਨਊ ਸੁਪਰ ਜਾਇੰਟਸ ਖ਼ਿਲਾਫ਼ ਇਸ ਮੈਚ ਦੇ ਆਖਰੀ ਓਵਰ ‘ਚ ਟੀਮ ਲੋੜੀਂਦੀਆਂ 21 ਦੌੜਾਂ ਬਣਾਉਣ ‘ਚ ਨਾਕਾਮ ਰਹੀ ਸੀ। ਰਿੰਕੂ ਨੇ ਗੁਜਰਾਤ ਖਿਲਾਫ ਯਾਦਗਾਰ ਪਾਰੀ ਖੇਡਣ ਤੋਂ ਬਾਅਦ ਕਿਹਾ, ‘ਮੈਨੂੰ ਯਕੀਨ ਸੀ ਕਿ ਮੈਂ ਅਜਿਹਾ ਕਰ ਸਕਦਾ ਹਾਂ। ਪਿਛਲੇ ਸਾਲ ਲਖਨਊ ‘ਚ ਅਜਿਹੀ ਹੀ ਸਥਿਤੀ ‘ਚ ਸੀ। ਵਿਸ਼ਵਾਸ ਉਦੋਂ ਵੀ ਸੀ। ਮੈਂ ਬਹੁਤਾ ਨਹੀਂ ਸੋਚ ਰਿਹਾ ਸੀ, ਬੱਸ ਇਕ ਤੋਂ ਬਾਅਦ ਇਕ ਸ਼ਾਟ ਮਾਰਦਾ ਗਿਆ।’ ਉਸ ਨੇ ਕਿਹਾ, ‘ਮੇਰੇ ਪਿਤਾ ਨੇ ਬਹੁਤ ਸੰਘਰਸ਼ ਕੀਤਾ, ਮੈਂ ਇਕ ਕਿਸਾਨ ਪਰਿਵਾਰ ਤੋਂ ਹਾਂ। ਮੈਂ ਮੈਦਾਨ ਦੇ ਬਾਹਰ ਜੋ ਵੀ ਗੇਂਦ ਮਾਰੀ, ਉਹ ਉਨ੍ਹਾਂ ਲੋਕਾਂ ਨੂੰ ਸਮਰਪਿਤ ਸੀ, ਜਿਨ੍ਹਾਂ ਨੇ ਮੇਰੇ ਲਈ ਬਹੁਤ ਕੁਰਬਾਨੀ ਦਿੱਤੀ।’