ਪੰਜਾਬ ਕਾਂਗਰਸ ਦੇ ਸਾਬਕਾ ਨਵਜੋਤ ਸਿੰਘ ਸਿੱਧੂ ਨੂੰ ਚਾਰ ਹੋਰ ਸਾਬਕਾ ਪ੍ਰਧਾਨ ਦਾ ‘ਸਮਰਥਨ’ ਮਿਲਿਆ ਹੈ ਅਤੇ ਇਹ ਚਾਰੇ ਪ੍ਰਧਾਨ ਅੱਜ ਨਵਜੋਤ ਸਿੱਧੂ ਦੇ ਨਾਲ ਖੜ੍ਹੇ ਨਜ਼ਰ ਆਏ। ਪਟਿਆਲਾ ਜੇਲ੍ਹ ‘ਚੋਂ ਦਸ ਮਹੀਨੇ ਦੀ ਜੇਲ੍ਹ ਕੱਟ ਕੇ ਰਿਹਾਅ ਹੋਏ ਨਵਜੋਤ ਸਿੱਧੂ ਲਗਾਤਾਰ ਸਰਗਰਮ ਹਨ। ਰਿਹਾਈ ਸਮੇਂ ਹੋਏ ਭਰਵੇਂ ਸਵਾਗਤ ਤੋਂ ਬਾਅਦ ਉਨ੍ਹਾਂ ਨਵੀਂ ਦਿੱਲੀ ‘ਚ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨਾਲ ਮੁਲਾਕਾਤ ਕੀਤੀ। ਉਹ ਪੰਜਾਬ ਅੰਦਰ ਵੀ ਲਗਾਤਾਰ ਸਰਗਰਮ ਹਨ। ਇਸ ਤੋਂ ਅੱਗੇ ਅੱਜ ਉਨ੍ਹਾਂ ਇਨ੍ਹਾਂ ਚਾਰ ਸਾਬਕਾ ਪ੍ਰਧਾਨ ਨਾਲ ਮੁਲਾਕਾਤ ਕੀਤੀ ਜਿਸ ਨਾਲ ਉਨ੍ਹਾਂ ਦੀ ਸਥਿਤੀ ਪਾਰਟੀ ‘ਚ ਮਜ਼ਬੂਤ ਹੁੰਦੀ ਜਾ ਰਹੀ ਹੈ। ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦੇ ਨਿਵਾਸ ਸਥਾਨ ‘ਤੇ ਹੋਈ ਮੀਟਿੰਗ ‘ਚ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ ਲਾਲ ਸਿੰਘ, ਸਮਸ਼ੇਰ ਸਿੰਘ ਦੂਲੋਂ ਅਤੇ ਮਹਿੰਦਰ ਸਿੰਘ ਕੇ.ਪੀ. ਸਮੇਤ ਚਾਰ ਸਾਬਕਾ ਪ੍ਰਧਾਨਾਂ ਦਾ ਨਵਜੋਤ ਸਿੰਘ ਸਿੱਧੂ ਨੂੰ ਖੁੱਲ੍ਹ ਕੇ ਸਮਰਥਨ ਮਿਲਿਆ। ਨਵਜੋਤ ਸਿੰਘ ਸਿੱਧੂ ਖੁਦ ਪੰਜਾਬ ਦੇ ਪ੍ਰਧਾਨ ਰਹਿ ਚੁੱਕੇ ਹਨ, ਅਜਿਹੇ ‘ਚ ਸਿੱਧੂ ਅਤੇ ਭੱਠਲ ਸਮੇਤ ਪੰਜ ਸਾਬਕਾ ਸੂਬਾ ਕਾਂਗਰਸ ਪ੍ਰਧਾਨ ਇਕ ਮੰਚ ‘ਤੇ ਇਕੱਠੇ ਹੋ ਗਏ ਹਨ। ਇਸ ਤੋਂ ਸਪੱਸ਼ਟ ਹੈ ਕਿ ਆਉਣ ਵਾਲੇ ਸਮੇਂ ‘ਚ ਪੰਜਾਬ ਕਾਂਗਰਸ ਦੀ ਸਿਆਸਤ ਦਾ ਰੁਖ ਬਦਲ ਸਕਦਾ ਹੈ ਅਤੇ ਪੰਜਾਬ ਦੀ ਕਾਂਗਰਸ ਪਾਰਟੀ ਇਕ ਵਾਰ ਫਿਰ ਤੋਂ ਨਵਜੋਤ ਸਿੰਘ ਸਿੱਧੂ ਦੇ ਆਲੇ-ਦੁਆਲੇ ਘੁੰਮ ਸਕਦੀ ਹੈ। ਇਸ ਮੀਟਿੰਗ ‘ਚ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ ਇਹ ਸਮੁੱਚੇ ਆਗੂ ਇਕ ਵਿਅਕਤੀ ਨਹੀਂ ਸਗੋਂ ਇਕ ਸੰਸਥਾ ਹਨ। ਇਹ ਪਾਰਟੀ ਦੀ ਜੜ੍ਹ ਅਤੇ ਨੀਂਹ ਹਨ। ਨੀਂਹ ਤੋਂ ਬਿਨਾਂ ਕੋਈ ਬਿਲਡਿੰਗ ਨਹੀਂ ਬਣ ਸਕਦੀ, ਕੋਈ ਵੀ ਪਾਰਟੀ ਖੜ੍ਹੀ ਨਹੀਂ ਹੋ ਸਕਦੀ। ਉਹ ਇਨ੍ਹਾਂ ਪੁਰਾਣੇ ਆਗੂਆਂ ਦਾ ਆਸ਼ੀਰਵਾਦ ਅਤੇ ਸਲਾਹ ਲੈ ਕੇ ਪੰਜਾਬ ਵਿਚ ਪਾਰਟੀ ਨੂੰ ਮਜ਼ਬੂਤ ਕਰਨਗੇ। ਜਿਹੜੇ ਪਾਰਟੀ ਦੇ ਥੰਮਾਂ ਨੂੰ ਅਣਗੋਲਿਆਂ ਕੀਤਾ ਗਿਆ ਹੈ, ਉਨ੍ਹਾਂ ਦੇ ਘਰ ਘਰ ਜਾ ਕੇ ਉਨ੍ਹਾਂ ਨੂੰ ਪਾਰਟੀ ਲਈ ਕੰਮ ਕਰਨ ਲਈ ਕਹਿਣਗੇ। ਉਨ੍ਹਾਂ ਕਿਹਾ ਕਿ ਸਮੁੱਚੀ ਕਾਂਗਰਸ ਨੂੰ ਜੋੜਿਆ ਜਾਵੇਗਾ। ਬੀਬੀ ਰਜਿੰਦਰ ਕੌਰ ਭੱਠਲ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਮੇਰੇ ਬੇਟੇ ਸਮਾਨ ਹੈ ਅਤੇ ਇਕ ਟਕਸਾਲੀ ਕਾਂਗਰਸੀ ਪਰਿਵਾਰ ਨਾਲ ਸਬੰਧਤ ਹੈ। ਨਵਜੋਤ ਸਿੰਘ ਸਿੱਧੂ ਹਫਤਾ ਪਹਿਲਾਂ ਹੀ ਜੇਲ੍ਹ ਵਿੱਚੋਂ ਬਾਹਰ ਆਏ ਹਨ ਪਰ ਆਉਂਦੇ ਹਨ ਪਾਰਟੀ ਨੂੰ ਮਜ਼ਬੂਤ ਕਰਨ ਵਿਚ ਜੁਟ ਗਏ ਹਨ। ਹਰ ਕਾਂਗਰਸੀ ਆਗੂ ਅਤੇ ਵਰਕਰ ਇਹੀ ਚਾਹੁੰਦਾ ਹੈ ਕਿ ਜਿਹੜਾ ਲੀਡਰ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰ ਰਿਹਾ ਹੈ, ਉਸ ਦੀ ਡਟ ਕੇ ਮਦਦ ਕੀਤੀ ਜਾਵੇਗੀ। ਸਾਬਕਾ ਖਜ਼ਾਨਾ ਮੰਤਰੀ ਲਾਲ ਸਿੰਘ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਪਿਤਾ ਭਗਵੰਤ ਸਿੰਘ ਸਿੱਧੂ ਨੇ 1968 ‘ਚ ਮੈਨੂੰ ਪੰਜਾਬ ਕਾਂਗਰਸ ਦਾ ਮੈਂਬਰ ਬਣਾਇਆ ਅਤੇ ਉਸ ਤੋਂ ਬਾਅਦ ਉਹ ਲਗਾਤਾਰ ਪਾਰਟੀ ‘ਚ ਹਨ। ਭਗਵੰਤ ਸਿੰਘ ਕਾਂਗਰਸ ਪਾਰਟੀ ਤੋਂ ਵਿਧਾਇਕ ਰਹੇ, ਪੰਜਾਬ ਦੇ ਐਡਵੋਕੇਟ ਜਨਰਲ ਰਹੇ ਅਤੇ ਹਮੇਸ਼ਾ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਦੇ ਰਹੇ। ਹੁਣ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰ ਰਹੇ ਹਨ। ਪਾਰਟੀ ਦੇ ਵਰਕਰਾਂ ਅਤੇ ਪੰਜਾਬੀਆਂ ਨੂੰ ਨਵਜੋਤ ਸਿੰਘ ਸਿੱਧੂ ‘ਤੇ 100 ਫੀਸਦੀ ਵਿਸ਼ਵਾਸ ਹੈ। ਟਕਸਾਲੀ ਕਾਂਗਰਸੀ ਅਤੇ ਹਮੇਸ਼ਾ ਹੀ ਕਾਂਗਰਸ ਦਾ ਝੰਡਾ ਚੁੱਕਣ ਵਾਲੇ ਜਿਨ੍ਹਾਂ ਆਗੂਆਂ ਅਤੇ ਵਰਕਰਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਨਜ਼ਰਅੰਦਾਜ਼ ਕੀਤਾ ਗਿਆ ਸੀ, ਉਹ ਮਾਯੂਸ ਹੋ ਗਏ ਸਨ। ਹੁਣ ਉਨ੍ਹਾਂ ਨੂੰ ਘਰਾਂ ਤੋਂ ਬਾਹਰ ਕੱਢ ਕੇ ਕਾਂਗਰਸ ਪਾਰਟੀ ਲਈ ਕੰਮ ਕਰਨ ਲਈ ਕਹਿਣਗੇ।