ਮਾਰਚ ’ਚ ਬਣੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹੁਣ ਤੱਕ ਦਸ ਮੰਤਰੀਆਂ ਨਾਲ ਹੀ ਕੰਮ ਚਲਾ ਰਹੀ ਸੀ। ਇਨ੍ਹਾਂ ’ਚੋਂ ਵੀ ਇਕ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ’ਚ ਬਰਖਾਸਤ ਕਰ ਦਿੱਤਾ ਗਿਆ ਸੀ। ਇਸ ਤਰ੍ਹਾਂ ਤਿੰਨ ਦਰਜਨ ਦੇ ਕਰੀਬ ਮਹਿਕਮੇ ਇਕੱਲੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਹੋਣ ਕਰਕੇ ਉਨ੍ਹਾਂ ’ਤੇ ਕੰਮ ਦਾ ਕਾਫੀ ਬੋਝ ਹੈ। ਨਿਯਮਾਂ ਮੁਤਾਬਕ ਪੰਜਾਬ ’ਚ ਵਿਧਾਇਕਾਂ ਦੀ ਗਿਣਤੀ ਅਨੁਸਾਰ 18 ਹੀ ਮੰਤਰੀ ਬਣ ਸਕਦੇ ਹਨ। ਪਰ ਭਰੋਸੇਯੋਗ ਵਸੀਲਿਆਂ ਅਨੁਸਾਰ ਵਿਸਥਾਰ ਦੌਰਾਨ ਇਹ ਸਾਰੇ ਅਹੁਦੇ ਭਰਨ ਦੀ ਥਾਂ ਸਿਰਫ ਚਾਰ ਤੋਂ ਪੰਜ ਮੰਤਰੀ ਹੀ ਬਣਾਏ ਜਾਣਗੇ ਅਤੇ ਕੁਝ ਸੀਟਾਂ ਜਾਣਬੁੱਝ ਕੇ ਖਾਲੀ ਰੱਖੀਆਂ ਜਾਣਗੀਆਂ ਤਾਂ ਜੋ ਅਗਲੇ ਵਿਸਥਾਰ ਤੱਕ ਵਿਧਾਇਕ ਟਿਕ ਕੇ ਬੈਠੇ ਰਹਿਣ। ਜਾਣਕਾਰੀ ਅਨੁਸਾਰ ਇਕ ਦੋ ਦਿਨਾਂ ’ਚ ਹੋਣ ਜਾ ਰਹੇ ਵਿਸਥਾਰ ’ਚ ਦੋ ਮੰਤਰੀ ਉਹ ਵਿਧਾਇਕ ਹੋਣਗੇ ਜਿਹਡ਼ੇ ਦੂਜੀ ਵਾਰ ਚੋਣ ਜਿੱਤੇ ਹਨ। ਇਨ੍ਹਾਂ ’ਚ ਸੁਨਾਮ ਤੋਂ ਅਮਨ ਅਰੋਡ਼ਾ, ਜਗਰਾਉਂ ਤੋਂ ਸਰਵਜੀਤ ਕੌਰ ਮਾਣੂੰਕੇ ਤੇ ਤਲਵੰਡੀ ਸਾਬੋ ਤੋਂ ਬਲਜਿੰਦਰ ਕੌਰ ਦੇ ਨਾਂ ਚੱਲ ਰਹੇ ਹਨ। ਦੋ ਵਾਰ ਚੋਣ ਜਿੱਤੇ ਵਿਧਾਇਕਾਂ ’ਚੋਂ ਕੁਲਤਾਰ ਸੰਧਵਾਂ ਸਪੀਕਰ ਤੇ ਜੈ ਕਿਸ਼ਨ ਰੋਡ਼ੀ ਡਿਪਟੀ ਸਪੀਕਰ ਬਣਾਏ ਜਾ ਚੁੱਕੇ ਹਨ। ਇਸੇ ਤਰ੍ਹਾਂ ਮੀਤ ਹੇਤਰ ਤੇ ਹਰਪਾਲ ਸਿੰਘ ਚੀਮਾ ਪਹਿਲਾਂ ਹੀ ਮੰਤਰੀ ਮੰਡਲ ’ਚ ਸ਼ਾਮਲ ਹਨ। ਸਿਰਫ ਇਕ ਨਾਂ ਹੋਰ ਪ੍ਰੋ. ਬੁੱਧ ਰਾਮ ਦਾ ਬਚਦਾ ਹੈ ਜੋ ਦੂਜੀ ਵਾਰ ਚੋਣ ਜਿੱਤੇ ਹਨ। ਦਿੱਲੀ ’ਚ ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਨਾਲ ਤਿੰਨ ਘੰਟੇ ਲੰਬੀ ਮੁਲਾਕਾਤ ਕੀਤੀ ਜਿਸ ’ਚ ਕੈਬਨਿਟ ਵਿਸਥਾਰ ਨੂੰ ਵਿਚਾਰਿਆ ਗਿਆ। ਇਸ ਮੌਕੇ ਰਾਘਵ ਚੱਢਾ ਵੀ ਮੌਜੂਦ ਰਹੇ। ਕੈਬਨਿਟ ਵਿਸਥਾਰ ’ਚ ਕਿਸੇ ਮਹਿਲਾ ਵਿਧਾਇਕ ਨੂੰ ਮੰਤਰੀ ਦਾ ਅਹੁਦਾ ਮਿਲਣਾ ਤੈਅ ਹੈ ਕਿਉਂਕਿ ਹਾਲੇ ਮਾਨ ਸਰਕਾਰ ’ਚ ਸਿਰਫ ਇਕ ਹੀ ਮਹਿਲਾ ਮੰਤਰੀ ਬਲਜੀਤ ਕੌਰ ਹਨ। ਸੂਤਰ ਦੱਸਦੇ ਹਨ ਕਿ ਨਵੇਂ ਵਿਸਥਾਰ ਨੂੰ ਅੰਤਿਮ ਛੋਹਾਂ ਦੇ ਦਿੱਤੀਆਂ ਗਈਆਂ ਹਨ ਅਤੇ ਅਗਲੇ ਹਫ਼ਤੇ ਸੋਮਵਾਰ ਨੂੰ ਨਵੇਂ ਵਜ਼ੀਰਾਂ ਨੂੰ ਹਲਫ਼ ਦਿਵਾਏ ਜਾਣ ਦੀ ਸੰਭਾਵਨਾ ਹੈ। ਮਹਿਲਾ ਵਿਧਾਇਕਾਂ ’ਚੋਂ ਰਾਜਪੁਰਾ ਤੋਂ ਵਿਧਾਇਕਾ ਨੀਨਾ ਮਿੱਤਲ, ਖਰਡ਼ ਤੋਂ ਅਨਮੋਲ ਗਗਨ ਮਾਨ ਅਤੇ ਇੰਦਰਜੀਤ ਕੌਰ ਨੂੰ ਵਜ਼ਾਰਤ ’ਚ ਸ਼ਾਮਲ ਕੀਤੇ ਜਾਣ ਦੀ ਵੀ ਚਰਚਾ ਹੈ। ਗੁਰੂ ਹਰਸਹਾਏ ਤੋਂ ਵਿਧਾਇਕ ਫੌਜਾ ਸਿੰਘ ਸਰਾਰੀ ਜਾਂ ਫਾਜ਼ਿਲਕਾ ਤੋਂ ਵਿਧਾਇਕ ਨਰਿੰਦਰ ਸਿੰਘ ਸਵਨਾ ਦੀ ਕਿਸਮਤ ਵੀ ਜਾਗ ਸਕਦੀ ਹੈ। ਲੁਧਿਆਣਾ ਅਤੇ ਪਟਿਆਲਾ ਜ਼ਿਲ੍ਹੇ ’ਚੋਂ ਵੀ ਇਕ ਵਿਧਾਇਕ ਨੂੰ ਵਜ਼ੀਰ ਵਜੋਂ ਸ਼ਾਮਲ ਕੀਤਾ ਜਾ ਸਕਦਾ ਹੈ। ਪਟਿਆਲਾ ਜ਼ਿਲ੍ਹੇ ’ਚੋਂ ਅਜੀਤਪਾਲ ਸਿੰਘ ਕੋਹਲੀ, ਚੇਤਨ ਸਿੰਘ ਜੌਡ਼ਮਾਜਰਾ ਅਤੇ ਹਰਮੀਤ ਸਿੰਘ ਪਠਾਣਮਾਜਰਾ ’ਚੋਂ ਇਕ ਨੂੰ ਵਜ਼ੀਰ ਬਣਾਏ ਜਾਣ ਦੇ ਚਰਚੇ ਹਨ। ਮਾਝੇ ’ਚੋਂ ਅੰਮ੍ਰਿਤਸਰ ਸ਼ਹਿਰ ਦੇ ਪੰਜ ਹਲਕਿਆਂ ’ਚੋਂ ਕਿਸੇ ਇਕ ਹਲਕੇ ਨੂੰ ਪ੍ਰਤੀਨਿਧਤਾ ਮਿਲ ਸਕਦੀ ਹੈ।