ਇਕ ਪੰਜਾਬੀ ਜੋੜੇ ਦੀ ਵਾਸ਼ਿੰਗਟਨ (ਅਮਰੀਕਾ) ਦੇ ਸ਼ਹਿਰ ਈਨੁਮਕਲਾ ‘ਚ ਉਸ ਸਮੇਂ ਮੌਤ ਹੋ ਗਈ ਜਦੋਂ ਉਹ ਦੋਵੇਂ ਕਾਰ ‘ਚ ਆ ਰਹੇ ਸਨ। ਫੋਨ ‘ਤੇ ਰੁੱਝੇ ਹੋਏ ਦੂਜੀ ਗੱਡੀ ਵਾਲੇ ਨੇ ਉਨ੍ਹਾਂ ਦੇ ਆਪਣੀ ਗੱਡੀ ਚੜ੍ਹਾ ਦਿੱਤੀ ਜਿਸ ਕਰਕੇ ਪੰਜਾਬੀ ਜੋੜੇ ਦੀ ਮੌਤ ਹੋ ਗਈ। ਉਹ ਪਿੱਛੇ ਇਕ ਲੜਕਾ ਅਤੇ ਲੜਕੀ ਛੱਡ ਗਏ ਹਨ ਜਿਹੜੇ ਇਸ ਸਮੇਂ ਇਕੱਲੇ ਹਨ ਕਿਉਂਕਿ ਉਨ੍ਹਾਂ ਦਾ ਕੋਈ ਹੋਰ ਰਿਸ਼ਤੇਦਾਰ ਉਸ ਸ਼ਹਿਰ ‘ਚ ਮੌਜੂਦ ਨਹੀਂ ਹੈ। ਵੇਰਵਿਆਂ ਮੁਤਾਬਕ ਪੰਜਾਬ ਦੇ ਸਰਹਿੰਦ ਨਾਲ ਸਬੰਧਤ ਪਰਮਿੰਦਰ ਸਿੰਘ ਬਾਜਵਾ ਆਪਣੀ ਪਤਨੀ ਨਾਲ ਕਾਰ ‘ਚ ਆ ਰਿਹਾ ਸੀ। ਉਸੇ ਵਕਤ ਹਾਈਵੇਅ 410 ‘ਤੇ ਇਕ ਫੋਨ ‘ਚ ਗੱਲ ਕਰਦੇ ਗੱਡੀ ਚਾਲਕ ਦੀ ਅਣਗਹਿਲੀ ਕਰਕੇ ਉਸ ਦੀ ਗੱਡੀ ਇਨ੍ਹਾਂ ‘ਤੇ ਆ ਚੜ੍ਹੀ। ਪਰਮਿੰਦਰ ਸਿੰਘ ਬਾਜਵਾ ਦੀ ਜਗਰਾਉਂ ਵਿਆਹੀ ਭੈਣ ਜਸਪ੍ਰੀਤ ਕੌਰ ਨੇ ਦੱਸਿਆ ਕਿ ਉਸ ਦੇ ਭਰਾ ਭਾਬੀ ਦੀ ਕੋਈ ਗਲਤੀ ਨਹੀਂ ਸੀ ਕਿਉਂਕਿ ਉਹ ਤਾਂ ਬੱਚਿਆਂ ਨੂੰ ਛੱਡ ਕੇ ਆ ਰਹੇ ਸਨ। ਹੁਣ ਉਨ੍ਹਾਂ ਦੀ ਸੱਤ ਸਾਲਾ ਲੜਕੀ ਅਤੇ ਤਿੰਨ ਸਾਲ ਦੇ ਲੜਕੇ ਕੋਲ ਕੋਈ ਨਹੀਂ ਹੈ। ਜਾਣਕਾਰੀ ਮੁਤਾਬਕ ਪਰਮਿੰਦਰ ਸਿੰਘ ਬਾਜਵਾ ਪਿਛਲੇ ਕਈ ਸਾਲਾਂ ਤੋਂ ਆਪਣੀ ਪਤਨੀ ਅਤੇ ਦੋਵੇਂ ਬੱਚਿਆਂ ਨਾਲ ਈਨੁਮਕਲਾ ਸ਼ਹਿਰ ‘ਚ ਰਹਿੰਦਾ ਸੀ। ਹਾਦਸੇ ਸਮੇਂ ਪਤੀ-ਪਤਨੀ ਦੋਵੇਂ ਕਾਰ ‘ਚ ਸਵਾਰ ਹੋ ਕੇ ਜਾ ਰਹੇ ਸਨ ਜਦੋਂ ਹਾਈਵੇਅ ‘ਤੇ ਇਹ ਭਿਆਨਕ ਹਾਦਸਾ ਵਾਪਰਿਆ। ਦੂਜੀ ਪਾਸਿਓਂ ਆਉਂਦੀ ਗੱਡੀ ਨੇ ਇਨ੍ਹਾਂ ਦੇ ਟਰੈਕ ‘ਚ ਆ ਕੇ ਸਿੱਧੀ ਟੱਕਰ ਮਾਰੀ ਕਿਉਂਕਿ ਉਸ ਗੱਡੀ ਦਾ ਚਾਲਕ ਉਦੋਂ ਫੋਨ ‘ਤੇ ਰੁੱਝਿਆ ਹੋਇਆ ਸੀ। ਉਸ ਦੀ ਅਣਗਹਿਲੀ ਕਰਕੇ ਪਤੀ-ਪਤਨੀ ਦੀ ਮੌਤ ਹੋ ਗਈ ਅਤੇ ਬੱਚੇ ਅਨਾਥ ਹੋ ਗਏ। ਵਾਸ਼ਿੰਗਟਨ ਸਟੇਟ ਪੈਟਰੋਲ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਿਹਾ ਹੈ। ਉਨ੍ਹਾਂ ਮੁਤਾਬਕ ਹਾਦਸੇ ‘ਚ ਦੋ ਵਾਹਨ ਸ਼ਾਮਲ ਸਨ ਅਤੇ ਮਰਨ ਵਾਲੇ ਦੋਵੇਂ ਵਿਅਕਤੀ ਇਕ ਹੀ ਕਾਰ ‘ਚ ਸਨ। ਦੂਸਰੀ ਕਾਰ ਸਿਰਫ ਡਰਾਈਵਰ ਦੇ ਕਬਜ਼ੇ ‘ਚ ਸੀ ਜਿਸ ਨੂੰ ਏਅਰਲਿਫਟ ਕਰਕੇ ਹਾਰਬਰਵਿਊ ਮੈਡੀਕਲ ਸੈਂਟਰ ਲਿਜਾਇਆ ਗਿਆ। ਵਾਸ਼ਿੰਗਟਨ ਸਟੇਟ ਪੈਟਰੋਲ ਦੇ ਪ੍ਰੈੱਸ ਬਿਆਨ ‘ਚ ਖੁਲਾਸਾ ਹੋਇਆ ਕਿ ਇਹ ਹਾਦਸਾ ਉਸ ਡਰਾਈਵਰ ਦੇ ਕਾਰਨ ਹੋਇਆ ਸੀ ਜਿਸ ਨੂੰ ਹਾਰਬਰਵਿਊ ਵੱਲ ਲਿਜਾਇਆ ਗਿਆ ਸੀ ਜਦੋਂ ਉਹ ਆਪਣੇ ਸੈੱਲ ਫੋਨ ਲਈ ਪਹੁੰਚ ਰਿਹਾ ਸੀ ਅਤੇ ਆ ਰਹੇ ਟ੍ਰੈਫਿਕ ‘ਚ ਜਾ ਰਿਹਾ ਸੀ ਜਿਸ ਵਿੱਚ ਦੋ ਲੋਕਾਂ ਦੇ ਨਾਲ ਦੂਜੀ ਕਾਰ ਨਾਲ ਟਕਰਾ ਗਿਆ ਸੀ। ਡਰਾਈਵਰ ਇਕ 39 ਸਾਲਾ ਮੈਪਲ ਵੈਲੀ ਦਾ ਰਹਿਣ ਵਾਲਾ ਵਿਅਕਤੀ ਦੱਸਿਆ ਗਿਆ ਹੈ।