ਬੌਰਨ ਕੈਲੀਫੋਰਨੀਆ ਦੇ ਪਾਇਲਟ ਟਰੱਕ ਸਟਾਪ ਤੋਂ ਦਿਨ ਦਿਹਾੜੇ ਗੰਨ ਪੁਆਇੰਟ ‘ਤੇ ਟਰੱਕ ਖੋਹਣ ਵਾਲਾ ਪੁਲੀਸ ਨੇ ਕਾਬੂ ਕਰ ਲਿਆ ਹੈ। ਇਹ ਟਰੱਕ ਕਲੀਵੀਲੈਂਡ ਓਹਾਇਓ ਦੀ ਜਸ ਟਰੱਕਿੰਗ ਦੇ ਡਰਾਈਵਰ ਤੋਂ ਖੋਹਿਆ ਗਿਆ ਸੀ। ਮਾਲਕ ਡਰਾਈਵਰ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਫਰਿਜ਼ਨੋ ਏਰੀਏ ‘ਚੋਂ ਟਰੱਕ ਲੋਡ ਕਰਕੇ ਓਹਾਇਓ ਵੱਲ ਜਾ ਰਿਹਾ ਸੀ ਕਿ ਬੌਰਨ ਟਾਊਨ ਦੇ ਪਾਈਲਟ ਟਰੱਕ ਸਟਾਪ ‘ਤੇ ਤੇਲ ਪਾਉਣ ਲਈ ਰੁਕਿਆ। ਉਥੇ ਇਕ ਮੈਕਸੀਕਨ ਮੂਲ ਦੇ ਬੰਦੇ ਨੇ ਉਸ ਤੋਂ ਰਾਈਡ ਮੰਗੀ ਤਾਂ ਉਸ ਨੇ ਆਪਣੀ ਸੇਫ਼ਟੀ ਲਈ ਟੀਮ ਡਰਾਈਵਰ ਦਾ ਬਹਾਨਾ ਲਾ ਕੇ ਉਸ ਨੂੰ ਮਨਾ ਕਰ ਦਿੱਤਾ। ਜਦੋਂ ਉਹ ਤੇਲ ਭਰਾ ਰਿਹਾ ਸੀ ਅਤੇ ਸ਼ੀਸ਼ੇ ਸਾਫ਼ ਕਰ ਰਿਹਾ ਸੀ ਤਾਂ ਮੌਕਾ ਤਾੜ ਕੇ ਮੁਲਜ਼ਮ ਟਰੱਕ ‘ਚ ਡਰਾਈਵਰ ਸੀਟ ‘ਤੇ ਬੈਠ ਗਿਆ। ਜਦੋਂ ਸਤਨਾਮ ਸਿੰਘ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਗੰਨ ਕੱਢ ਲਈ ਅਤੇ ਗੰਨ ਪੁਆਇੰਟ ‘ਤੇ ਟਰੱਕ ਅਗਵਾ ਕਰਕੇ ਲੈ ਗਿਆ। ਜਦੋਂ ਉਸ ਨੇ ਵੇਖਿਆ ਕਿ ਟਰੱਕ ਲੋਡਿਡ ਹੋਣ ਕਰਕੇ ਬਹੁਤਾ ਭੱਜ ਨਹੀਂ ਰਿਹਾ ਤਾਂ ਹਾਈਵੇਅ 58 ਈਸਟ ਬੌਡ ਤੇ ਉਸ ਨੇ ਬਗੈਰ ਲੈਡਿੰਗ ਗੇਅਰ ਡਾਊਨ ਕੀਤਿਆਂ ਟਰੇਲਰ ਸ਼ੋਲਡਰ ‘ਤੇ ਛੱਡ ਦਿੱਤਾ ਤੇ ਇਕੱਲਾ ਬਾਬ ਟੇਲ ਟਰੱਕ ਲੈ ਕੇ ਫਰਾਰ ਹੋ ਗਿਆ। ਸਤਨਾਮ ਸਿੰਘ ਨੇ ਪੁਲੀਸ ਨੂੰ ਸੂਚਨਾ ਦਿੱਤੀ। ਟਰੱਕ ‘ਚ ਜੀ.ਪੀ.ਐੱਸ. ਲੱਗਿਆ ਹੋਣ ਕਰਕੇ ਪੁਲੀਸ ਨੇ ਵਾਲਵੋ ਟਰੱਕ ਨੂੰ ਮੁਲਜ਼ਮ ਸਮੇਤ ਬਾਰਸਟੋ ਏਰੀਏ ਤੋਂ ਫਰੀਵੇਅ 15 ਤੋਂ ਲੱਭਿਆ ਅਤੇ ਮੁਲਜ਼ਮ ਨੂੰ ਪਿਸਤੌਲ ਸਮੇਤ ਗ੍ਰਿਫ਼ਤਾਰ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।