ਸਾਬਕਾ ਕੇਂਦਰੀ ਮੰਤਰੀ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕੇਂਦਰ ਸਰਕਾਰ ‘ਤੇ ਅਡਾਨੀ ਸਮੂਹ ਨੂੰ ਫਾਇਦਾ ਪਹੁੰਚਾਉਣ ਲਈ ਪੰਜਾਬ ਦੇ ਲੋਕਾਂ ਨਾਲ ਵਿਤਕਰਾ ਕਰਨ ਦਾ ਦੋਸ਼ ਲਾਇਆ ਹੈ। ਲੋਕ ਸਭਾ ‘ਚ ਜ਼ਰੂਰੀ ਜਨਤਕ ਮਹੱਤਵ ਦੇ ਮਾਮਲੇ ‘ਤੇ ਬੋਲਦਿਆਂ ਤਿਵਾੜੀ ਨੇ ਕਿਹਾ ਕਿ ਬਿਜਲੀ ਪੈਦਾ ਕਰਨ ਲਈ ਪੰਜਾਬ ਮਹਾਨਦੀ ਕੋਲਫੀਲਡ ਤੋਂ ਕੋਲੇ ਦੀ ਖਰੀਦ ਕਰਦਾ ਹੈ। ‘ਜੇਕਰ ਉਸ ਕੋਇਲੇ ਨੂੰ ਰੇਲ ਮਾਰਗ ਰਾਹੀਂ ਸਿੱਧਾ ਪੰਜਾਬ ਲਿਆਂਦਾ ਜਾਂਦਾ ਹੈ ਤਾਂ ਉਸ ਨੂੰ 1,830 ਕਿਲੋਮੀਟਰ ਦੀ ਦੂਰੀ ਤੈਅ ਕਰਨੀ ਪੈਂਦੀ ਹੈ। ਬਿਜਲੀ ਮੰਤਰਾਲੇ ਨੇ 30 ਨਵੰਬਰ 2022 ਨੂੰ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਉਹ ਰੇਲ ਰਾਹੀਂ ਸਿੱਧਾ ਕੋਲਾ ਨਹੀਂ ਲੈ ਸਕਦਾ ਹੈ ਅਤੇ ਕੋਇਲੇ ਨੂੰ ਪਹਿਲਾਂ ਪਰਾਦੀਪ ਬੰਦਰਗਾਹ ਤੱਕ ਲੈ ਕੇ ਜਾਣਾ ਹੋਵੇਗਾ। ਫਿਰ ਸ੍ਰੀਲੰਕਾ ਨੂੰ ਜਾਂਦੇ ਜਲ ਮਾਰਗ ਰਾਹੀਂ ਦਹੇਜ ਅਤੇ ਮੁੰਦਰਾ ‘ਚ ਅਡਾਨੀ ਦੀਆਂ ਬੰਦਰਗਾਹਾਂ ‘ਤੇ ਪਹੁੰਚਣਾ ਹੋਵੇਗਾ। ਇਸ ਮਗਰੋਂ ਉਥੋਂ ਰੇਲ ਮਾਰਗ ਰਾਹੀਂ 1500 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਪੰਜਾਬ ਤੱਕ ਕੋਲਾ ਲਿਜਾਣਾ ਪਵੇਗਾ।’ ਕਾਂਗਰਸੀ ਮੈਂਬਰ ਨੇ ਦੋਸ਼ ਲਾਇਆ ਕਿ ਸਰਕਾਰ ਅਡਾਨੀ ਨੂੰ ਫਾਇਦਾ ਪਹੁੰਚਾਉਣ ਲਈ ਪੰਜਾਬ ਸਰਕਾਰ ਅਤੇ ਸੂਬੇ ਦੇ ਲੋਕਾਂ ਨਾਲ ‘ਵਿਤਕਰਾ’ ਕਰ ਰਹੀ ਹੈ। ਉਨ੍ਹਾਂ ਦਾਅਵਾ ਕੀਤਾ, ‘ਕੋਲੇ ਦੀ ਢੋਆ-ਢੁਆਈ ਦੀ ਲਾਗਤ 4,350 ਰੁਪਏ ਪ੍ਰਤੀ ਟਨ ਤੋਂ ਵਧ ਕੇ 6,750 ਰੁਪਏ ਪ੍ਰਤੀ ਟਨ ਹੋ ਗਈ ਹੈ। ਇਕ ਕਿਲੋਵਾਟ ਬਿਜਲੀ ਦੀ ਕੀਮਤ 3.6 ਰੁਪਏ ਤੋਂ ਵਧ ਕੇ 5 ਰੁਪਏ ਹੋ ਗਈ ਹੈ।’