ਬਠਿੰਡਾ ਦੇ ਨਵੇਂ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸਰੂਪ ਚੰਦ ਸਿੰਗਲਾ ਦੇ ‘ਜ਼ਿੰਮੇਵਾਰੀ ਸੰਭਾਲ ਸਮਾਰੋਹ’ ਵਿੱਚ ਸ਼ਾਮਲ ਹੋਣ ਪੁੱਜੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ‘ਆਪ’ ਸਰਕਾਰ ਨੂੰ ਚੰਗੇ ਰਗੜੇ ਲਾਏ। ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਪੰਜਾਬ ਦੇ ਮੌਜੂਦਾ ਹਾਲਾਤਾਂ ‘ਤੇ ਫਿਕਰ ਜ਼ਾਹਿਰ ਕੀਤਾ। ਉਨ੍ਹਾਂ ਕਿਹਾ ਕਿ ਸੂਬੇ ‘ਚ ਸਰਕਾਰ, ਪ੍ਰਸ਼ਾਸਨ ਅਤੇ ਕਾਨੂੰਨ ਦਾ ਕਿਸੇ ਨੂੰ ਡਰ ਨਹੀਂ ਹੈ। ਪੰਜਾਬ ਦੇ ਹਾਲਾਤ ਦਿਨੋਂ-ਦਿਨ ਬਦ ਤੋਂ ਬਦਤਰ ਹੋ ਰਹੇ ਹਨ ਪਰ ‘ਆਪ’ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨਾਲ ਵਾਅਦਾਖ਼ਿਲਾਫ਼ੀ ਕਰਦਿਆਂ ਨਾ ਹੀ ਉਨ੍ਹਾਂ ਨੂੰ ਨੁਕਸਾਨੀਆਂ ਫ਼ਸਲਾਂ ਬਦਲੇ ਮੁਆਵਜ਼ਾ ਦਿੱਤਾ ਅਤੇ ਨਾ ਹੀ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦਿੱਤੀਆਂ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜ਼ਮੀਨ ਨਾ ਦੇਣ ਕਾਰਨ ਕੇਂਦਰ ਦਾ ‘ਮੈਗਾ ਟੈਕਸਟਾਈਲ ਪਾਰਕ ਪ੍ਰਾਜੈਕਟ’ ਨਾ ਲੱਗਣ ਕਾਰਨ ਸੂਬੇ ਨੂੰ ਰੁਜ਼ਗਾਰ ਤੇ ਆਰਥਿਕ ਪੱਖੋਂ ਵੱਡਾ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਦਾ ਇਹ ਪ੍ਰਾਜੈਕਟ ਸੂਬੇ ‘ਚ ਲੱਗ ਜਾਂਦਾ ਤਾਂ ਪੰਜਾਬ ਦੀ ਕੱਪੜਾ ਤੇ ਹੌਜ਼ਰੀ ਸਨਅਤ ਤਕਨੀਕ ਪੱਖੋਂ ਸਮੇਂ ਤੇ ਵਿਸ਼ਵ ਦੀ ਹਾਣੀ ਬਣ ਜਾਣੀ ਸੀ। ਭਾਜਪਾ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਪੰਜਾਬ ਦੇ ਉਦਯੋਗਪਤੀ, ਸਰਮਾਏਦਾਰ ਅਤੇ ਐੱਨ.ਆਰ.ਆਈ. ਪੰਜਾਬ ਵਿੱਚੋਂ ਆਪਣਾ ਨਿਵੇਸ਼ ਸਮੇਟ ਕੇ ਬਾਹਰਲੇ ਸੂਬਿਆਂ ਤੇ ਦੇਸ਼ਾਂ ‘ਚ ਨਿਵੇਸ਼ ਕਰ ਰਹੇ ਹਨ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਚਿੰਤਾਜਨਕ ਬਣੇ ਹਾਲਾਤਾਂ ‘ਚ ਸੁਧਾਰ ਲਿਆਵੇ, ਲੋਕਾਂ ਦੇ ਜਾਨ-ਮਾਲ ਦੀ ਰਾਖੀ ਕਰੇ, ਲੁਟੇਰਿਆਂ, ਗੈਗਸਟਰਾਂ ਅਤੇ ਦੇਸ਼ ਵਿਰੋਧੀ ਤਾਕਤਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇ ਤਾਂ ਕਿ ਪੰਜਾਬ ਦਾ ਮਾਹੌਲ ਵਪਾਰ ਕਰਨ ਤੇ ਨਿਵੇਸ਼ ਕਰਨ ਦੇ ਅਨੁਕੂਲ ਬਣੇ।