ਪੁਲੀਸ ਨੂੰ ਵੀ ਕਈ ਵਾਰ ਯੂ-ਟਰਨ ਲੈਣਾ ਪੈ ਜਾਂਦਾ ਹੈ ਜਿਵੇਂ ਕਿ ਲੱਖ ਸਿਧਾਣਾ ਦੇ ਮਾਮਲੇ ‘ਚ ਹੋਇਆ ਹੈ। ਪੁਲੀਸ ਨੇ ਪਹਿਲਾਂ ਉਸ ਖ਼ਿਲਾਫ਼ ਫਿਰੌਤੀ ਦਾ ਮਾਮਲਾ ਦਰਜ ਕੀਤਾ ਤੇ ਹੁਣ ਕਲੀਨ ਚਿੱਟ ਦੇ ਦਿੱਤੀ। ਜ਼ਿਕਰਯੋਗ ਹੈ ਕਿ ਕਰੀਬ ਮਹੀਨਾ ਪਹਿਲਾਂ ਦਰਜ ਕੀਤੇ ਗਏ ਇਸ ਪਰਚੇ ਤੋਂ ਬਾਅਦ ਲੱਖਾ ਸਿਧਾਣਾ ਵੱਲੋਂ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਬਠਿੰਡਾ ਵਿਖੇ ਇਕੱਠ ਰੱਖਿਆ ਸੀ ਪਰ ਇਸ ਤੋਂ ਪਹਿਲਾਂ ਹੀ ਪੰਜਾਬ ਪੁਲਸ ਵੱਲੋਂ ਲੱਖਾ ਸਿਧਾਣਾ ਨੂੰ ਕਲੀਨ ਚਿੱਟ ਜਾਰੀ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਥਾਣਾ ਹਰੀਕੇ ਵਿਖੇ ਪੁਲੀਸ ਨੇ ਗੁਪਤ ਸੂਚਨਾ ਦੇ ਆਧਾਰ ਉੱਪਰ ਕੈਨੇਡਾ ਬੈਠੇ ਨਾਮੀ ਗੈਂਗਸਟਰ ਲਖਬੀਰ ਸਿੰਘ ਲੰਡਾ ਜਿਸ ਦੇ ਖ਼ਿਲਾਫ਼ ਵੱਖ-ਵੱਖ ਥਾਣਿਆਂ ‘ਚ ਵੱਡੀ ਗਿਣਤੀ ਦੌਰਾਨ ਫਿਰੌਤੀ ਮੰਗਣ ਅਤੇ ਪਾਕਿਸਤਾਨੀ ਸਮਗਲਰਾਂ ਪਾਸੋਂ ਹਥਿਆਰ ਅਤੇ ਹੋਰ ਸਮੱਗਰੀ ਮੰਗਵਾਉਣ ਤਹਿਤ ਪਰਚੇ ਦਰਜ ਹਨ ਅਤੇ ਲੱਖਾ ਸਿਧਾਣਾ ਸਮੇਤ ਕੁੱਲ 11 ਵਿਅਕਤੀਆਂ ਖ਼ਿਲਾਫ਼ ਫਿਰੌਤੀ ਮੰਗਣ ਅਤੇ ਡਰੋਨ ਦੀ ਮਦਦ ਰਾਹੀਂ ਪਾਕਿਸਤਾਨ ਤੋਂ ਹਥਿਆਰ ਮੰਗਵਾਉਣ ਦੇ ਜੁਰਮ ਹੇਠ ਮਾਮਲਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਸੀ। ਪੁਲੀਸ ਵੱਲੋਂ ਦਰਜ ਕੀਤੇ ਗਏ ਪਰਚੇ ‘ਚ ਗੈਂਗਸਟਰ ਲਖਬੀਰ ਸਿੰਘ ਲੰਡਾ, ਲੱਖਾ ਸਿਧਾਣਾ ਤੋਂ ਇਲਾਵਾ ਨਛੱਤਰ ਸਿੰਘ, ਸਤਨਾਮ ਸਿੰਘ, ਗੁਰਕੀਰਤ ਸਿੰਘ, ਅਨਮੋਲ ਸੋਨੀ, ਚੜਤ ਸਿੰਘ, ਗੁਰਜੰਟ ਸਿੰਘ, ਮਹਾਂਵੀਰ ਸਿੰਘ, ਸੁਖਦੇਵ ਸਿੰਘ ਅਤੇ ਦਲਜੀਤ ਸਿੰਘ ਨੂੰ ਵੀ ਨਾਮਜ਼ਦ ਕੀਤਾ ਸੀ। ਉਕਤ ਵਿਅਕਤੀਆਂ ਖ਼ਿਲਾਫ਼ ਥਾਣਾ ਹਰੀਕੇ ਵਿਖੇ ਬੀਤੀ 2 ਸਤੰਬਰ ਨੂੰ ਪਰਚਾ ਦਰਜ ਕੀਤਾ ਗਿਆ ਸੀ। ਦਰਜ ਹੋਏ ਪਰਚੇ ਤੋਂ ਬਾਅਦ ਲੱਖਾ ਸਿਧਾਣਾ ਵੱਲੋਂ ਸੋਸ਼ਲ ਮੀਡੀਆ ਅਤੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਵੱਡੀ ਗਿਣਤੀ ‘ਚ ਸਮਰਥਕਾਂ ਸਮੇਤ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਧਰਨਾ ਦੇਣ ਦੀ ਚਿਤਾਵਨੀ ਦਿੱਤੀ ਗਈ ਸੀ ਜਿਸ ਤੋਂ ਪਹਿਲਾਂ ਹੀ ਜ਼ਿਲ੍ਹਾ ਪੁਲੀਸ ਵੱਲੋਂ ਲੱਖਾ ਸਿਧਾਣਾ ਨੂੰ ਦਰਜ ਕੀਤੇ ਪਰਚੇ ਵਿੱਚੋਂ ਕਲੀਨ ਚਿੱਟ ਜਾਰੀ ਕਰ ਦਿੱਤੀ ਗਈ ਹੈ। ਇਸ ਬਾਬਤ ਐੱਸ.ਪੀ. ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਥਾਣਾ ਹਰੀਕੇ ਵਿਖੇ ਦਰਜ ਫਿਰੌਤੀ ਦੇ ਮਾਮਲੇ ਸਬੰਧੀ ਲੱਖਾ ਸਧਾਣਾ ਨੂੰ ਪੁਲੀਸ ਵੱਲੋਂ ਕਲੀਨ ਚਿੱਟ ਜਾਰੀ ਕਰ ਦਿੱਤੀ ਗਈ ਹੈ।