ਕੈਨੇਡਾ ‘ਚ ਰਹਿੰਦੇ ਲਖਬੀਰ ਸਿੰਘ ਲੰਡਾ ਅਤੇ ਅਰਸ਼ ਡੱਲਾ ਦਾ ਨਾਂ ਇਕ ਵਾਰ ਫਿਰ ਉੱਭਰ ਕੇ ਸਾਹਮਣੇ ਆਇਆ ਹੈ। ਪੰਜਾਬ ਪੁਲੀਸ ਨੇ ਆਈ.ਐੱਸ.ਆਈ. ਦੀ ਹਮਾਇਤ ਪ੍ਰਾਪਤ ਜਿਸ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ ਉਸ ‘ਚ ਇਨ੍ਹਾਂ ਦੋਹਾਂ ਦਾ ਨਾਂ ਹੈ। ਉਂਝ ਪੁਲੀਸ ਨੇ ਇਸ ਮਾਮਲੇ ‘ਚ ਦੋ ਜਣਿਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਪੁਲੀਸ ਮੁਤਾਬਕ ਇਸ ਮਾਡਿਊਲ ਨੂੰ ਕੈਨੇਡਾ ਆਧਾਰਿਤ ਗੈਂਗਸਟਰ ਲਖਬੀਰ ਸਿੰਘ ਉਰਫ਼ ਲੰਡਾ ਤੇ ਪਾਕਿਸਤਾਨ ਅਧਾਰਿਤ ਗੈਂਗਸਟਰ ਹਰਵਿੰਦਰ ਸਿੰਘ ਰਿੰਦਾ ਸਾਂਝੇ ਤੌਰ ‘ਤੇ ਚਲਾ ਰਹੇ ਸਨ। ਪੰਜਾਬ ਪੁਲੀਸ ਨੇ ਕਿਹਾ ਕਿ ਲਖਬੀਰ ਸਿੰਘ ਨੂੰ ਹਰਵਿੰਦਰ ਦਾ ਕਰੀਬੀ ਮੰਨਿਆ ਜਾਂਦਾ ਹੈ, ਜਿਨ੍ਹਾਂ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਨਾਲ ਹੱਥ ਮਿਲਾ ਲਏ ਸਨ। ਦੋਵਾਂ ਦੇ ਆਈ.ਐੱਸ.ਆਈ. ਨਾਲ ਵੀ ਨੇੜਲੇ ਸਬੰਧ ਹਨ। ਵੇਰਵਿਆਂ ਮੁਤਾਬਕ ਲਖਬੀਰ ਸਿੰਘ ਦੀ ਪੰਜਾਬ ਪੁਲੀਸ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਕੀਤੇ ਗਏ ਗ੍ਰਨੇਡ ਹਮਲੇ ‘ਚ ਅਹਿਮ ਭੂਮਿਕਾ ਸੀ। ਅੰਮ੍ਰਿਤਸਰ ‘ਚ ਸਬ ਇੰਸਪੈਕਟਰ ਦਿਲਬਾਗ ਸਿੰਘ ਦੀ ਕਾਰ ਥੱਲੇ ਆਈ.ਡੀ. ਲਾਉਣ ‘ਚ ਵੀ ਲਖਬੀਰ ਦੀ ਭੂਮਿਕਾ ਸਾਹਮਣੇ ਆਈ ਸੀ। ਗ੍ਰਿਫ਼ਤਾਰ ਵਿਅਕਤੀਆਂ ਦੀ ਸ਼ਨਾਖ਼ਤ ਬਲਜੀਤ ਸਿੰਘ ਮੱਲ੍ਹੀ (25) ਵਾਸੀ ਪਿੰਡ ਜੋਗੇਵਾਲ ਤੇ ਗੁਰਬਖਸ਼ ਸਿੰਘ ਉਰਫ਼ ਗੋਰਾ ਸੰਧੂ ਵਾਸੀ ਪਿੰਡ ਬੂਹ ਗੁੱਜਰਾਂ (ਜ਼ਿਲ੍ਹਾ ਫਿਰੋਜ਼ਪੁਰ) ਵਜੋਂ ਹੋਈ ਹੈ। ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਏ.ਆਈ.ਜੀ. (ਕਾਊਂਟਰ ਇੰਟੈਲੀਜੈਂਸ) ਨਵਜੋਤ ਸਿੰਘ ਮਾਹਲ ਦੀ ਅਗਵਾਈ ‘ਚ ਪੁਲੀਸ ਟੀਮਾਂ ਨੇ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ ਏ.ਕੇ-56 ਅਸਾਲਟ ਰਾਈਫਲ, ਦੋ ਮੈਗਜ਼ੀਨ, 90 ਕਾਰਤੂਸ ਤੇ ਦੋ ਬੁਲੇਟ ਸ਼ੈੱਲ ਬਰਾਮਦ ਕੀਤੇ ਗਏ ਹਨ। ਯਾਦਵ ਨੇ ਕਿਹਾ ਕਿ ਮੁੱਢਲੀ ਪੁੱਛਗਿੱਛ ‘ਚ ਸਾਹਮਣੇ ਆਇਆ ਹੈ ਕਿ ਮੱਲ੍ਹੀ ਦੇ ਸਬੰਧ ਇਟਲੀ ਆਧਾਰਿਤ ਹਰਪ੍ਰੀਤ ਸਿੰਘ ਉਰਫ਼ ਹੈਪੀ ਸੰਘੇੜਾ ਨਾਲ ਹਨ ਤੇ ਉਸੇ ਦੀਆਂ ਹਦਾਇਤਾਂ ਉਤੇ ਬਲਜੀਤ ਸਿੰਘ ਨੇ ਜੁਲਾਈ ‘ਚ ਮੱਖੂ-ਲੋਹੀਆਂ ਸੜਕ ਤੋਂ ਹਥਿਆਰਾਂ ਦੀ ਖੇਪ ਚੁੱਕੀ ਸੀ। ਇਸ ਤੋਂ ਬਾਅਦ ਉਨ੍ਹਾਂ ਹਥਿਆਰ ਟੈਸਟ ਕਰ ਕੇ ਇਨ੍ਹਾਂ ਨੂੰ ਗੁਰਬਖਸ਼ ਸਿੰਘ ਦੇ ਖੇਤਾਂ ‘ਚ ਲੁਕੋ ਦਿੱਤਾ। ਡੀ.ਜੀ.ਪੀ. ਨੇ ਕਿਹਾ ਕਿ ਇਹ ਵੀ ਸਾਹਮਣੇ ਆਇਆ ਹੈ ਕਿ ਬਲਜੀਤ ਸਿੰਘ ਖ਼ਤਰਨਾਕ ਗੈਂਗਸਟਰਾਂ ਦੇ ਸਿੱਧੇ ਸੰਪਰਕ ‘ਚ ਸੀ ਜਿਨ੍ਹਾਂ ‘ਚ ਲਖਬੀਰ ਲੰਡਾ ਤੇ ਅਰਸ਼ ਡੱਲਾ ਸ਼ਾਮਲ ਹਨ।