ਸੌ ਤੋਂ ਵੱਧ ਪੰਜਾਬੀ ਫਿਲਮਾਂ ‘ਚ ਕੰਮ ਕਰਨ ਵਾਲੀ ਅਤੇ ਆਪਣੇ ਜ਼ਮਾਨੇ ਦੀ ਪ੍ਰਸਿੱਧ ਅਭਿਨੇਤਰੀ ਦਲਜੀਤ ਕੌਰ ਦਾ 69 ਸਾਲ ਦੀ ਉਮਰ ‘ਚ ਅੱਜ ਦੇਹਾਂਤ ਹੋ ਗਿਆ। ਪੰਜਾਬੀ ਸਿਨਮਾ ਜਗਤ ਦੀ ਸੁਪਰ ਸਟਾਰ ਰਹੀ ਦਲਜੀਤ ਕੌਰ ਦਾ ਆਖਰੀ ਸਮਾਂ ਗੁੰਮਨਾਮੀ ਵਾਲਾ ਰਿਹਾ। ਪੰਜਾਬੀ ਦੀਆਂ ਸੌ ਫਿਲਮਾਂ ਤੋਂ ਇਲਾਵਾ ਕਰੀਬ 10 ਹਿੰਦੀ ਫਿਲਮਾਂ ‘ਚ ਕੰਮ ਕਰ ਚੁੱਕੀ ਦਲਜੀਤ ਕੌਰ ਪਿਛਲੇ ਕਈ ਸਾਲਾਂ ਤੋਂ ਬਿਮਾਰ ਚਲੇ ਆ ਰਹੇ ਸਨ। ਉਹ ਮਾਨਸਿਕ ਤੌਰ ‘ਤੇ ਵੀ ਪ੍ਰੇਸ਼ਾਨ ਸਨ। ਉਨ੍ਹਾਂ ਦਾ ਜਨਮ 1953 ‘ਚ ਸਿਲੀਗੁੜੀ ਵਿਖੇ ਹੋਇਆ ਕਿਉਂਕਿ ਪਰਿਵਾਰ ਦਾ ਕਾਰੋਬਾਰ ਕਲਕੱਤੇ (ਪੱਛਮੀ ਬੰਗਾਲ) ‘ਚ ਸੀ। ਉਹ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਐਤੀਆਣਾ ਦੀ ਰਹਿਣ ਵਾਲੀ ਸੀ ਅਤੇ ਉਹ ਪਿਛਲੇ 12 ਸਾਲਾਂ ਤੋਂ ਗੁਰੂਸਰ ਸੁਧਾਰ ਬਾਜ਼ਾਰ ‘ਚ ਆਪਣੇ ਚਚੇਰੇ ਭਰਾ ਹਰਜਿੰਦਰ ਸਿੰਘ ਖੰਗੂੜਾ ਕੋਲ ਰਹਿੰਦੇ ਸਨ। ਦਲਜੀਤ ਕੌਰ ਨੇ ਪੁਣੇ ਫਿਲਮ ਇੰਸਟੀਚਿਊਟ ‘ਚ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦੀ ਪਹਿਲੀ ਫਿਲਮ ‘ਦਾਜ’ 1976 ਵਿੱਚ ਰਿਲੀਜ਼ ਹੋਈ ਸੀ। ਉਸਨੇ ਸੁਪਰਹਿੱਟ ਪੰਜਾਬੀ ਫਿਲਮ ‘ਪੁਤ ਜੱਟਾਂ ਦੇ’, ‘ਮਾਮਲਾ ਗੜਬੜ ਹੈ’, ‘ਕੀ ਬਨੂ ਦੁਨੀਆ ਦਾ’, ‘ਸਰਪੰਚ’ ਅਤੇ ‘ਪਟੋਲਾ’ ਵਿੱਚ ਹੀਰੋਇਨ ਦੀ ਮੁੱਖ ਭੂਮਿਕਾ ਤੇ ਯਾਦਗਾਰੀ ਰੋਲ ਨਿਭਾਏ। ਜਾਣਕਾਰੀ ਅਨੁਸਾਰ ਦਲਜੀਤ ਕੌਰ ਨੇ ਆਪਣੇ ਪਤੀ ਹਰਮਿੰਦਰ ਸਿੰਘ ਦਿਓਲ ਦੀ ਸੜਕ ਹਾਦਸੇ ‘ਚ ਮੌਤ ਤੋਂ ਬਾਅਦ ਫਿਲਮਾਂ ਵਿੱਚ ਕੰਮ ਕਰਨਾ ਬੰਦ ਕਰ ਦਿੱਤਾ ਸੀ। ਉਨ੍ਹਾਂ ਦਾ ਕੋਈ ਬੱਚਾ ਨਹੀਂ ਹੈ। 2001 ‘ਚ ਉਨ੍ਹਾਂ ਫਿਲਮੀ ਦੁਨੀਆ ‘ਚ ਦੁਬਾਰਾ ਪ੍ਰਵੇਸ਼ ਕੀਤਾ ਅਤੇ ਆਪਣੀ ਉਮਰ ਦੇ ਅਨੁਸਾਰ ਮਾਂ ਅਤੇ ਹੋਰ ਭੂਮਿਕਾਵਾਂ ‘ਚ ਨਜ਼ਰ ਆਈ। ਉਨ੍ਹਾਂ ਗਿੱਪੀ ਗਰੇਵਾਲ ਦੀ ਪੰਜਾਬੀ ਫਿਲਮ ‘ਸਿੰਘ ਵਰਸਜ਼ ਕੌਰ’ ਵਿੱਚ ਗਿੱਪੀ ਗਰੇਵਾਲ ਦੀ ਮਾਂ ਦਾ ਕਿਰਦਾਰ ਨਿਭਾਇਆ ਸੀ। ਦਲਜੀਤ ਕੌਰ ਕਬੱਡੀ ਅਤੇ ਹਾਕੀ ਦੀ ਕੌਮੀ ਖਿਡਾਰਨ ਵੀ ਸੀ।