ਸਰੀ ਦੇ ਅਮਰਵੀਰ ਢੇਸੀ ਵੱਲੋਂ ਕਾਮਨਵੈਲਥ ਗੇਮਜ਼ ਦੇ ਪਹਿਲਵਾਨੀ ਮੁਕਾਬਲੇ ‘ਚ ਗੋਲਡ ਮੈਡਲ ਜਿੱਤਣ ਤੋਂ ਬਾਅਦ ਇਕ ਹੋਰ ਪੰਜਾਬੀ ਮੂਲ ਦੇ ਕੈਨੇਡੀਅਨ ਨੌਜਵਾਨ ਨੇ ਗੋਲਡ ਮੈਡਲ ਜਿੱਤਿਆ ਹੈ। ਸਰੀ ਦੇ ਨੇੜਲੇ ਐਬਟਸਫੋਰਡ ਦੇ ਨਿਸ਼ਾਨ ਸੰਧੂ ਨੇ ਇਹ ਮੈਡਲ ਜਿੱਤ ਕੇ ਪੰਜਾਬੀਆਂ ਦਾ ਨਾਂ ਕੈਨੇਡਾ ‘ਚ ਹੋਰ ਉੱਚਾ ਕੀਤਾ ਹੈ। ਉਸ ਤੋਂ ਇਲਾਵਾ ਬਰਨਬੀ ਬੀ.ਸੀ. ਦੀ 29 ਸਾਲਾ ਡੀ ਸਟੈਸੀਓ ਨੇ ਫਾਈਨਲ ‘ਚ ਨਾਈਜੀਰੀਆ ਦੀ ਹੰਨਾਹ ਅਮੁਚੇਚੀ ਰੂਬੇਨ ਨੂੰ ਚਾਰ ਅੰਕਾਂ ਦੇ ਮੁਕਾਬਲੇ ‘ਚ 4-2 ਨਾਲ ਹਰਾ ਕੇ ਔਰਤਾਂ ਦੇ 76 ਕਿਲੋਗ੍ਰਾਮ ਵਰਗ ਵਿੱਚ ਜਿੱਤ ਦਰਜ ਕੀਤੀ। ਡੀ ਸਟੈਸੀਓ ਨੇ 2018 ‘ਚ ਬੁਡਾਪੇਸਟ (ਹੰਗਰੀ) ‘ਚ 72-ਕਿਲੋਗ੍ਰਾਮ ਡਿਵੀਜ਼ਨ ‘ਚ ਇਕ ਵਿਸ਼ਵ ਖਿਤਾਬ ਜਿੱਤਿਆ ਅਤੇ ਨਾਲ ਹੀ 2015 ‘ਚ ਟੋਰਾਂਟੋ ‘ਚ ਪੈਨ ਅਮਰੀਕਨ ਖੇਡਾਂ ‘ਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਐਬਟਸਫੋਰਡ ਦੇ ਨਿਸ਼ਾਨ ਰੰਧਾਵਾ ਨੇ ਆਪਣੇ ਫਾਈਨਲ ਮੈਚ ਦੇ ਪਿਛਲੇ ਅੱਧ ‘ਚ ਦੱਖਣੀ ਅਫਰੀਕਾ ਦੇ ਨਿਕੋਲਾਸ ਡੀ ਲਾਂਗੇ ਨੂੰ 6-1 ਨਾਲ ਹਰਾ ਕੇ 9-3 ਨਾਲ ਫੈਸਲਾਕੁੰਨ ਜਿੱਤ ਦਰਜ ਕੀਤੀ। 24 ਸਾਲਾ ਨਿਸ਼ਾਨ ਰੰਧਾਵਾ ਨੇ ਕਿਹਾ, “ਜਿਵੇਂ ਮੈਚ ਚੱਲ ਰਿਹਾ ਸੀ, ਮੈਨੂੰ ਲੱਗਦਾ ਹੈ ਕਿ ਮੈਂ ਰਫ਼ਤਾਰ ਥੋੜ੍ਹੀ ਵਧਾ ਲਈ ਹੈ। ਅਦਭੁਤ ਮਹਿਸੂਸ ਹੁੰਦਾ ਹੈ। ਇਹ ਲੰਬਾ ਰਸਤਾ ਰਿਹਾ ਹੈ ਅਤੇ ਰਸਤੇ ‘ਚ ਕੁਝ ਸੱਟਾਂ ਲੱਗੀਆਂ ਹਨ। ਅਸੀਂ ਮਜ਼ਬੂਤੀ ਨਾਲ ਸਮਾਪਤ ਕਰ ਰਹੇ ਹਾਂ। ਉਮੀਦ ਹੈ ਕਿ ਅਸੀਂ ਸਰਬੀਆ ‘ਚ ਸੀਨੀਅਰ ਵਿਸ਼ਵ ਚੈਂਪੀਅਨਸ਼ਿਪ ‘ਚ ਇਸ ਗਤੀ ਨੂੰ ਜਾਰੀ ਰੱਖ ਸਕਾਂਗੇ।” ਬ੍ਰੈਂਟਫੋਰਡ ਦੀ ਮੈਡੀਸਨ ਪਾਰਕਸ ਅਤੇ ਫਰੈਡਰਿਕਟਨ ਦੀ ਸਮੰਥਾ ਸਟੀਵਰਟ ਨੇ ਕ੍ਰਮਵਾਰ ਔਰਤਾਂ ਦੇ 50 ਅਤੇ 53 ਕਿਲੋ ਭਾਰ ਵਰਗ ‘ਚ ਚਾਂਦੀ ਦਾ ਤਗ਼ਮਾ ਜਿੱਤਿਆ। ਸਰੀ ਦੇ ਡਾਰਥ ਕੈਪੇਲਨ ਅਤੇ ਐਬਟਸਫੋਰਡ ਦੇ ਜਸਮੀਤ ਫੁਲਕਾ ਨੇ ਪੁਰਸ਼ਾਂ ਦੇ 57 ਅਤੇ 74 ਕਿਲੋਗ੍ਰਾਮ ਵਰਗ ‘ਚ ਕਾਂਸੀ ਦੇ ਤਗ਼ਮੇ ਜਿੱਤੇ। ਕੈਨੇਡਾ 22 ਸੋਨੇ ਸਮੇਤ 84 ਤਗ਼ਮਿਆਂ ਦੇ ਨਾਲ ਮੈਡਲਾਂ ਦੀ ਗਿਣਤੀ ‘ਚ ਤੀਜੇ ਸਥਾਨ ‘ਤੇ ਹੈ।