ਆਸਟਰੇਲੀਆ ਦੇ ਇਤਿਹਾਸ ‘ਚ ਇਹ ਪਹਿਲੀ ਵਾਰ ਹੈ ਕਿ ਇਥੇ ਪੰਜਾਬੀ ਪਿਛੋਕੜ ਵਾਲੇ ਸੰਸਦ ਮੈਂਬਰ ਡੈਨੀਅਲ ਮੂਕੇ ਸੂਬਾ ਨਿਊ ਸਾਊਥ ਵੇਲਜ਼ ਦੇ ਖ਼ਜ਼ਾਨਾ ਮੰਤਰੀ ਬਣੇ ਹਨ। ਸੂਬੇ ‘ਚ ਹਾਲ ਹੀ ‘ਚ ਹੋਈਆਂ ਚੋਣਾਂ ਮਗਰੋਂ ਪ੍ਰੀਮੀਅਰ ਕ੍ਰਿਸਮਿਨਸ ਦੀ ਅਗਵਾਈ ‘ਚ ਆਸਟਰੇਲੀਅਨ ਲੇਬਰ ਪਾਰਟੀ ਦੀ ਸਰਕਾਰ ਬਣੀ ਹੈ। ਡੈਨੀਅਲ ਸਿਡਨੀ ‘ਚ ਪੰਜਾਬੀ ਗੜ੍ਹ ਮੰਨੇ ਜਾਂਦੇ ਬਲੈਕਟਾਊਨ ਇਲਾਕੇ ਦੇ ਜੰਮਪਲ ਹਨ। ਉਨ੍ਹਾਂ ਦਾ ਪਿਛੋਕੜ ਚੰਡੀਗੜ੍ਹ ਤੋਂ ਹੈ ਅਤੇ ਉਹ ਹਿੰਦੂ ਪਰਿਵਾਰ ਨਾਲ ਸਬੰਧ ਰੱਖਦੇ ਹਨ। ਡੈਨੀਅਲ ਅਕਸਰ ਭਾਰਤੀ ਸਮਾਗਮਾਂ ‘ਚ ਸ਼ਿਕਰਤ ਕਰਦੇ ਹਨ। ਉਨ੍ਹਾਂ ਗਿਰਾਵੀਨ ਹਾਈ ਸਕੂਲ ‘ਚ ਪੜ੍ਹਾਈ ਕੀਤੀ ਅਤੇ ਯੂਨੀਅਨ ਅੰਦੋਲਨ ਦੌਰਾਨ ਆਪਣਾ ਕਰੀਅਰ ਸ਼ੁਰੂ ਕੀਤਾ। ਸੰਸਦ ‘ਚ ਆਉਣ ਤੋਂ ਪਹਿਲਾਂ ਉਹ ਟਰਾਂਸਪੋਰਟ ਵਰਕਰਜ਼ ਯੂਨੀਅਨ ਦੇ ਵਕੀਲ ਵਜੋਂ ਕੰਮ ਕਰਦੇ ਸਨ। ਉਹ ਵਿਆਹੇ ਹੋਏ ਹਨ ਤੇ ਦੋ ਬੱਚਿਆਂ ਦੇ ਪਿਤਾ ਹਨ। ਡੈਨੀਅਲ ਨੇ ਸੂਬੇ ‘ਚ ਲੇਬਰ ਪਾਰਟੀ ਦੀ 12 ਸਾਲਾਂ ਮਗਰੋਂ ਜਿੱਤ ਦਰਜ ਕਰਵਾਉਣ ‘ਚ ਅਹਿਮ ਭੂਮਿਕਾ ਨਿਭਾਈ। ਮੰਤਰੀ ਡੈਨੀਅਲ ਨੇ ਕਿਹਾ ਕਿ ਆਰਥਿਕ ਨੀਤੀਆਂ ‘ਚ ਸੁਧਾਰ, ਬੁਨਿਆਦੀ ਢਾਂਚੇ ਦਾ ਵਿਸਥਾਰ, ਮਹਿੰਗਾਈ, ਰੁਜ਼ਗਾਰ, ਛੋਟੇ ਕਾਰੋਬਾਰ ਨੂੰ ਮਦਦ, ਸੇਵਾ ਸਹੂਲਤਾਂ, ਹਾਲਾਤ ‘ਚ ਤਬਦੀਲੀਆਂ, ਵਰਕਕਿੰਗ ਕਲਾਸ ਦੇ ਮਸਲੇ ਹੱਲ ਕਰਨਾ ਸਰਕਾਰ ਦੀ ਮੁੱਖ ਤਰਜੀਹ ਹੋਵੇਗੀ।