ਇੰਗਲੈਂਡ ਨੇ ਇੰਡੀਆ ਨੂੰ ਪੰਜਵੇਂ ਟੈਸਟ ਮੈਚ ’ਚ ਸੱਤ ਵਿਕਟਾਂ ਨਾਲ ਹਰਾ ਦਿੱਤਾ ਹੈ। ਇਹ ਜਿੱਤ ਜੋਅ ਰੂਟ ਅਤੇ ਜੌਨੀ ਬੇਅਰਸਟੋ ਦੇ ਸ਼ਾਨਦਾਰ ਸੈਂਕਡ਼ਿਆਂ ਦੀ ਬਦੌਲਤ ਸੰਭਵ ਹੋਈ। ਇੰਗਲੈਂਡ ਨੇ 378 ਦੌਡ਼ਾਂ ਦਾ ਟੀਚਾ ਪੰਜਵੇਂ ਅਤੇ ਆਖਰੀ ਦਿਨ ਸਵੇਰ ਦੇ ਸੈਸ਼ਨ ’ਚ ਹੀ ਪੂਰਾ ਕਰ ਲਿਆ। ਇਸ ’ਚ ਰੂਟ ਨੇ ਨਾਬਾਦ 142 ਅਤੇ ਬੇਅਰਸਟੋ ਨੇ ਨਾਬਾਦ 114 ਦੌਡ਼ਾਂ ਦਾ ਯੋਗਦਾਨ ਪਾਇਆ। ਮੈਚ ’ਚ ਬੇਅਰਸਟੋ ਦਾ ਇਹ ਦੂਜਾ ਸੈਂਕਡ਼ਾ ਸੀ। ਪਹਿਲੀ ਪਾਰੀ ’ਚ ਉਸ ਨੇ 140 ਗੇਂਦਾਂ ’ਤੇ 106 ਦੌਡ਼ਾਂ ਬਣਾਈਆਂ ਸਨ। ਇੰਗਲੈਂਡ ਵੱਲੋਂ ਇਹ ਮੈਚ ਜਿੱਤਣ ਮਗਰੋਂ ਪੰਜ ਮੈਚਾਂ ਦੀ ਟੈਸਟ ਸੀਰੀਜ਼ 2-2 ਨਾਲ ਡਰਾਅ ਹੋ ਗਈ ਹੈ। ਤਿੰਨ ਵਿਕਟਾਂ ਗੁਆ ਕੇ 259 ਦੌਡ਼ਾਂ ’ਤੇ ਦਿਨ ਦੀ ਸ਼ੁਰੂਆਤ ਕਰਦਿਆਂ ਇੰਗਲੈਂਡ ਨੇ 19.4 ਓਵਰਾਂ ’ਚ ਹੀ ਬਾਕੀ ਰਹਿੰਦੀਆਂ 119 ਦੌਡ਼ਾਂ ਬਣਾ ਲਈਆਂ। ਇੰਗਲੈਂਡ ਦੀ ਦੂਜੀ ਪਾਰੀ ’ਚ ਕਪਤਾਨ ਜਸਪ੍ਰੀਤ ਬੁਮਰਾਹ (2/74) ਹੀ ਵਿਕਟ ਲੈਣ ਵਾਲਾ ਇਕਲੌਤਾ ਭਾਰਤੀ ਗੇਂਦਬਾਜ਼ ਸੀ। ਮੈਚ ਦੌਰਾਨ ਧੀਮੀ ਓਵਰ ਰੇਟ ਬਣਾਈ ਰੱਖਣ ਲਈ ਆਈ.ਸੀ.ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ ’ਚ ਇੰਡੀਆ ਦੇ ਦੋ ਅੰਕ ਕੱਟ ਲਏ ਗਏ ਹਨ। ਇਸ ਤੋਂ ਇਲਾਵਾ ਟੀਮ ਨੂੰ ਮੈਚ ਫੀਸ ਦਾ 40 ਫੀਸਦੀ ਹਿੱਸਾ ਜੁਰਮਾਨਾ ਵੀ ਲਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਪਹਿਲੀ ਪਾਰੀ ’ਚ ਇੰਡੀਆ ਨੇ 416 ਅਤੇ ਇੰਗਲੈਂਡ ਨੇ 284 ਦੌਡ਼ਾਂ ਬਣਾਈਆਂ ਸਨ। ਇਸ ਮਗਰੋਂ ਇੰਡੀਆ ਨੇ ਦੂਜੀ ਪਾਰੀ ’ਚ 245 ਦੌਡ਼ਾਂ ਬਣਾ ਕੇ ਇੰਗਲੈਂਡ ਨੂੰ 379 ਦੌਡ਼ਾਂ ਦਾ ਟੀਚਾ ਦਿੱਤਾ, ਜੋ ਮੇਜ਼ਬਾਨ ਟੀਮ ਨੇ ਦੋ ਸੈਸ਼ਨ ਬਾਕੀ ਰਹਿੰਦਿਆਂ ਤਿੰਨ ਵਿਕਟਾਂ ਗੁਆ ਕੇ ਹੀ ਪੂਰਾ ਕਰ ਲਿਆ।