ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਦਿੱਗਜ ਖਿਡਾਰੀ ਵਿਨੋਦ ਕਾਂਬਲੀ ਇਕ ਵਾਰ ਫਿਰ ਵਿਵਾਦਾਂ ‘ਚ ਘਿਰ ਗਏ ਹਨ। ਇਸ ਵਾਰ ਉਨ੍ਹਾਂ ਦੀ ਪਤਨੀ ਨੇ ਉਨ੍ਹਾਂ ਖ਼ਿਲਾਫ਼ ਮੁੰਬਈ ਦੇ ਬਾਂਦਰਾ ਪੁਲੀਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸਨੇ ਸ਼ਰਾਬ ਦੇ ਨਸ਼ੇ ‘ਚ ਉਸ ਨਾਲ ਕਥਿਤ ਤੌਰ ‘ਤੇ ਦੁਰਵਿਵਹਾਰ ਅਤੇ ਕੁੱਟਮਾਰ ਕੀਤੀ। ਵਿਨੋਦ ਕਾਂਬਲੀ ਦੀ ਪਤਨੀ ਦੀ ਸ਼ਿਕਾਇਤ ਦੇ ਆਧਾਰ ‘ਤੇ ਮੁੰਬਈ ਪੁਲੀਸ ਨੇ ਆਈ.ਪੀ.ਸੀ. ਦੀ ਧਾਰਾ 324 ਅਤੇ 504 ਦੇ ਤਹਿਤ ਉਸਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਕਾਂਬਲੀ ਦੀ ਪਤਨੀ ਨੇ ਦੋਸ਼ ਲਾਇਆ ਹੈ ਕਿ ਵਿਨੋਦ ਕਾਂਬਲੀ ਨੇ ਭੋਜਨ ਪਕਾਉਣ ਵਾਲਾ ਭਾਂਡਾ ਉਸ ‘ਤੇ ਸੁੱਟ ਦਿੱਤਾ, ਜਿਸ ਕਾਰਨ ਉਸ ਦੇ ਸਿਰ ‘ਤੇ ਸੱਟ ਲੱਗ ਗਈ। ਕਾਂਬਲੀ ਦੀ ਪਤਨੀ ਮੁਤਾਬਕ ਇਹ ਘਟਨਾ ਸ਼ੁੱਕਰਵਾਰ ਨੂੰ ਦੁਪਹਿਰ 1 ਤੋਂ 1.30 ਵਜੇ ਦੇ ਦਰਮਿਆਨ ਵਾਪਰੀ ਜਦੋਂ ਕਾਂਬਲੀ ਕਥਿਤ ਤੌਰ ‘ਤੇ ਨਸ਼ੇ ਦੀ ਹਾਲਤ ‘ਚ ਬਾਂਦਰਾ ਸਥਿਤ ਉਨ੍ਹਾਂ ਦੇ ਫਲੈਟ ‘ਤੇ ਪਹੁੰਚਿਆ ਅਤੇ ਪਤਨੀ ਨਾਲ ਬਦਸਲੂਕੀ ਕੀਤੀ। ਇਸ ਤੋਂ ਬਾਅਦ ਉਹ ਭੱਜ ਕੇ ਰਸੋਈ ‘ਚ ਗਿਆ ਅਤੇ ਕੁਕਿੰਗ ਪੈਨ ਦਾ ਹੈਂਡਲ ਫੜ ਕੇ ਮੇਰੇ ਵੱਲ ਸੁੱਟ ਦਿੱਤਾ। ਬਾਂਦਰਾ ਪੁਲੀਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਦੇ ਆਉਣ ਤੋਂ ਪਹਿਲਾਂ ਵਿਨੋਦ ਕਾਂਬਲੀ ਦੀ ਪਤਨੀ ਨੇ ਭਾਭਾ ਹਸਪਤਾਲ ‘ਚ ਆਪਣਾ ਇਲਾਜ ਕਰਵਾਇਆ ਸੀ। ਇਸ ਤੋਂ ਬਾਅਦ ਕਾਂਬਲੀ ਦੀ ਪਤਨੀ ਥਾਣੇ ਪਹੁੰਚੀ ਅਤੇ ਆਪਣੇ ਪਤੀ ਖਿਲਾਫ਼ ਐਫ.ਆਈ.ਆਰ. ਦਰਜ ਕਰਵਾਈ। ਬਾਂਦਰਾ ਪੁਲੀਸ ਅਨੁਸਾਰ ਵਿਨੋਦ ਕਾਂਬਲੀ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਦੱਸਦਈਏ ਕਿ ਉਨ੍ਹਾਂ ਦਾ 12 ਸਾਲ ਦਾ ਬੇਟਾ ਸਾਬਕਾ ਕ੍ਰਿਕਟਰ ਅਤੇ ਉਨ੍ਹਾਂ ਦੀ ਪਤਨੀ ਵਿਚਾਲੇ ਹੋਏ ਝਗੜੇ ਦਾ ਗਵਾਹ ਬਣ ਗਿਆ ਹੈ, ਜੋ ਇਹ ਸਭ ਦੇਖ ਕੇ ਘਬਰਾ ਗਿਆ ਸੀ। ਕਾਂਬਲੀ ਦੀ ਪਤਨੀ ਐਂਡਰੀਆ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ‘ਚ ਕਿਹਾ, ‘ਉਹ ਮੈਨੂੰ ਧਮਕੀਆਂ ਦਿੰਦਾ ਰਹਿੰਦਾ ਹੈ। ਉਹ ਮੈਨੂੰ ਅਤੇ ਮੇਰੇ ਬੱਚੇ ਨੂੰ ਗਾਲਾਂ ਕੱਢਦਾ ਹੈ, ਉਨ੍ਹਾਂ ਨੂੰ ਮਾਰਦਾ-ਕੁੱਟਦਾ ਵੀ ਹੈ।’ ਜ਼ਿਕਰਯੋਗ ਹੈ ਕਿ ਵਿਨੋਦ ਕਾਂਬਲੀ ਨੂੰ ਇਸ ਤੋਂ ਪਹਿਲਾਂ ਪਿਛਲੇ ਸਾਲ ਫਰਵਰੀ ‘ਚ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਸੀ। ਉਦੋਂ ਉਨ੍ਹਾਂ ਨੇ ਸ਼ਰਾਬ ਦੇ ਨਸ਼ੇ ‘ਚ ਆਪਣੀ ਕਾਰ ਨਾਲ ਇਕ ਹੋਰ ਵਾਹਨ ਨੂੰ ਟੱਕਰ ਮਾਰ ਦਿੱਤੀ।