ਨਿਹਾਲ ਸਿੰਘ ਵਾਲਾ ਦੇ ਪਿੰਡ ਪੱਤੋ ਹੀਰਾ ਸਿੰਘ ਦੇ ਨਾਮੀ ਕਬੱਡੀ ਰੇਡਰ ਅਮਰਪ੍ਰੀਤ ਅਮਰੀ ਦੀ ਸਰੀ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਪਿੰਡ ਪੱਤੋ ਹੀਰਾ ਤੋਂ ਮਿਲੀ ਜਾਣਕਾਰੀ ਮੁਤਾਬਕ 28 ਵਰ੍ਹਿਆਂ ਦਾ ਅਮਰਪ੍ਰੀਤ ਸਿੰਘ ਦਸੰਬਰ ਮਹੀਨੇ ‘ਚ ਹੀ ਵਿਆਹ ਕਰਵਾ ਕੈਨੇਡਾ ਗਿਆ ਸੀ। ਪਿਛਲੇ ਸਾਲ ਉਸ ਦਾ ਵਿਆਹ ਹੋਇਆ ਸੀ। ਅਮਰਪ੍ਰੀਤ ਅਮਰੀ ਕਬੱਡੀ ਦੇ ਚੋਟੀ ਦੇ ਰੇਡਰਾਂ ‘ਚ ਆਉਂਦਾ ਸੀ। ਜਿਵੇਂ ਹੀ ਅਮਰਪ੍ਰੀਤ ਅਮਰੀ ਦੀ ਮੌਤ ਦੀ ਖ਼ਬਰ ਪਿੰਡ ਪਹੁੰਚੀ ਤਾਂ ਪਰਿਵਾਰ ‘ਤੇ ਦੁੱਖਾਂ ਦਾ ਪਾਹੜ ਟੁੱਟ ਪਿਆ ਅਤੇ ਪਿੰਡ ‘ਚ ਸੋਗ ਦੀ ਲਹਿਰ ਦੌੜ ਗਈ। ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਕਬੱਡੀ ‘ਚ ਵੱਡਾ ਨਾਮਣਾ ਖੱਟਣ ਵਾਲੇ ਅਮਰੀ ਦੀ ਮੌਤ ਨਾਲ ਜਿੱਥੇ ਕਬੱਡੀ ਜਗਤ ਨੂੰ ਵੱਡਾ ਘਾਟਾ ਪਿਆ ਹੈ, ਉਥੇ ਹੀ ਨੌਜਵਾਨ ਪੁੱਤ ਗੁਆਉਣ ਵਾਲੇ ਪਰਿਵਾਰ ਨੂੰ ਅਸਹਿ ਦੁੱਖ ਦਾ ਸਾਹਮਣਾ ਕਰਨਾ ਪਿਆ ਹੈ। ਕੈਨੇਡਾ ‘ਚ ਕਬੱਡੀ ਖਿਡਾਰੀ ਦੀ ਮੌਤ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਨਾਮਵਰ ਕਬੱਡੀ ਖਿਡਾਰੀਆਂ ਦੀ ਕੈਨੇਡਾ ‘ਚ ਮੌਤ ਹੋਈ ਹੈ। ਕਬੱਡੀ ਖਿਡਾਰੀਆਂ ਤੋਂ ਇਲਾਵਾ ਕਈ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵੀ ਦਿਲ ਦਾ ਪੈਣ ਕਾਰਨ ਮੌਤ ਹੋਣ ਦੀ ਦਰ ਦਾ ਵਾਧਾ ਦਰਜ ਕੀਤਾ ਗਿਆ ਹੈ।