ਅਮਰੀਕਾ ਦੇ ਪੈਨਸਿਲਵੇਨੀਆ ਵਿਚਲੇ ਇਕ ਗੁਰਦੁਆਰਾ ਸਾਹਿਬ ਦੇ 64 ਸਾਲਾ ਸੇਵਾਦਾਰ ਨੂੰ ਇਕ ਬੱਚੀ ਨੂੰ ਘੱਟੋ-ਘੱਟ ਸੱਤ ਸਾਲਾਂ ਤੱਕ ‘ਅਣਉਚਿਤ ਤਰੀਕੇ ਨਾਲ ਛੂਹਣ’ ਦੇ ਮਾਮਲੇ ‘ਚ ਕਥਿਤ ਤੌਰ ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਨਸੀ ਸ਼ੋਸ਼ਣ ਦਾ ਸਿਲਸਿਲਾ ਉਦੋਂ ਸ਼ੁਰੂ ਹੋਇਆ ਜਦੋਂ ਬੱਚੀ ਪੰਜ ਸਾਲ ਦੀ ਸੀ। ਮੀਡੀਆ ਰਿਪੋਰਟ ‘ਚ ਇਹ ਜਾਣਕਾਰੀ ਦਿੱਤੀ ਗਈ। ਡੇਲਾਵੇਅਰ ਸਥਿਤ ਡੇਲੀ ਟਾਈਮਜ਼ ਅਖ਼ਬਾਰ ਨੇ ਦੱਸਿਆ ਕਿ ਕਿ ਡੇਲਾਵੇਅਰ ਕਾਉਂਟੀ ਦੇ ਡ੍ਰੈਕਸਲ ਹਿੱਲ ਦੇ ਬਲਵਿੰਦਰ ਸਿੰਘ ‘ਤੇ ਹਾਲ ਹੀ ‘ਚ ਇਕ ਨਾਬਾਲਗ ਲੜਕੀ ਨਾਲ ਗੈਰਕਾਨੂੰਨੀ ਸੰਪਰਕ ਕਰਨ, 13 ਸਾਲ ਤੋਂ ਘੱਟ ਉਮਰ ਦੀ ਬੱਚੀ ‘ਤੇ ਅਸ਼ਲੀਲ ਹਮਲੇ ਅਤੇ ਬੱਚੀ ਦੀ ਸੁਰੱਖਿਆ ਨੂੰ ਖ਼ਤਰੇ ‘ਚ ਪਾਉਣ ਦੇ ਦੋਸ਼ ਲਗਾਏ ਗਏ ਸਨ। ਅੱਪਰ ਡਾਰਬੀ ਸਪੈਸ਼ਲ ਇਨਵੈਸਟੀਗੇਸ਼ਨ ਦੇ ਜਾਸੂਸ ਕੇਵਿਨ ਨੈਪ ਦੁਆਰਾ ਲਿਖੇ ਹਲਫਨਾਮੇ ਦੇ ਅਨੁਸਾਰ ਪੀੜਤਾ ਜੋ ਹੁਣ ਇਕ ਬਾਲਗ ਹੈ, ਨੇ ਇਸ ਸਾਲ 24 ਜਨਵਰੀ ਨੂੰ ‘ਇਨਸਾਫ ਦੀ ਮੰਗ’ ਦੇ ਇਰਾਦੇ ਨਾਲ ਪੁਲੀਸ ਹੈੱਡਕੁਆਰਟਰ ‘ਤੇ ਕਥਿਤ ਹਮਲੇ ਦੀ ਰਿਪੋਰਟ ਕੀਤੀ ਸੀ। ਇਕ ਦਰਜ ਕੀਤੇ ਬਿਆਨ ‘ਚ ਉਸਨੇ ਦੱਸਿਆ ਕਿ ਜਿਨਸੀ ਸ਼ੋਸ਼ਣ ਉਦੋਂ ਸ਼ੁਰੂ ਹੋਇਆ ਜਦੋਂ ਉਹ ਸ਼ੁੱਕਰਵਾਰ ਨੂੰ ਗੁਰਦੁਆਰਾ ਸਾਹਿਬ ‘ਚ ਧਾਰਮਿਕ ਭਜਨ ਦੀਆਂ ਕਲਾਸਾਂ ‘ਚ ਪਹਿਲੀ ਜਮਾਤ ਦੀ ਵਿਦਿਆਰਥਣ ਸੀ। ਕੁੜੀ ਨੇ ਦੱਸਿਆ ਕਿ ਉਸਨੇ ਜਨਵਰੀ 2014 ‘ਚ ਜਦੋਂ ਉਹ 12 ਸਾਲ ਦੀ ਸੀ ਉਦੋਂ ਸਕੂਲ ਦੇ ਇਕ ਸਟਾਫ ਮੈਂਬਰ ਨਾਲ ਕਥਿਤ ਹਮਲੇ ਬਾਰੇ ਗੱਲ ਕੀਤੀ ਸੀ। ਉਸਨੇ ਡੇਲਾਵੇਅਰ ਕਾਉਂਟੀ ਕ੍ਰਿਮੀਨਲ ਇਨਵੈਸਟੀਗੇਸ਼ਨ ਡਿਵੀਜ਼ਨ ਦੇ ਇਕ ਜਾਸੂਸ ਨੂੰ ਇਕ ਰਿਕਾਰਡ ਕੀਤਾ ਬਿਆਨ ਵੀ ਪ੍ਰਦਾਨ ਕੀਤਾ ਸੀ ਪਰ ਜਾਂਚ ਅੱਗੇ ਨਹੀਂ ਵਧੀ ਕਿਉਂਕਿ ਉਸਦੇ ਪਰਿਵਾਰ ਦਾ ਗੁਰਦੁਆਰਾ ਸਾਹਿਬ ਅਤੇ ਬਲਵਿੰਦਰ ਸਿੰਘ ਨਾਲ ਸਮਝੌਤਾ ਹੋ ਗਿਆ ਸੀ। ਹਲਫ਼ਨਾਮੇ ਅਨੁਸਾਰ ਸਮਝੌਤੇ ਮੁਤਾਬਕ ਬਲਵਿੰਦ ਸਿੰਘ ਦਾ ਕੁੜੀ ਨਾਲ ਕੋਈ ਹੋਰ ਸੰਪਰਕ ਨਹੀਂ ਹੋਵੇਗਾ ਅਤੇ ਪੀੜਤ ਪਰਿਵਾਰ ਅਪਰਾਧਿਕ ਦੋਸ਼ਾਂ ਨੂੰ ਅੱਗੇ ਨਹੀਂ ਲਿਜਾਵੇਗਾ। ਡੇਲੀ ਟਾਈਮਜ਼ ਨੇ ਕਿਹਾ ਕਿ ਡਿਫੈਂਸ ਅਟਾਰਨੀ ਕ੍ਰਿਸ ਬੋਗਸ ਨੇ ਇਸ ‘ਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਅਦਾਲਤ ਦੇ ਰਿਕਾਰਡ ਮੁਤਾਬਕ ਬਲਵਿੰਦਰ ਸਿੰਘ ਨੂੰ ਮੁੱਢਲੇ ਤੌਰ ‘ਤੇ ਪਿਛਲੇ ਹਫ਼ਤੇ ਮੈਜਿਸਟਰੇਟ ਜ਼ਿਲ੍ਹਾ ਜੱਜ ਐਂਡਰਿਊ ਗੋਲਡਬਰਗ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ ਜਿਸ ਨੇ 100,000 ਡਾਲਰ ਦੇ 10 ਪ੍ਰਤੀਸ਼ਤ ‘ਤੇ ਜ਼ਮਾਨਤ ਦਿੱਤੀ ਸੀ, ਜੋ ਅਦਾਲਤੀ ਰਿਕਾਰਡਾਂ ਅਨੁਸਾਰ ਉਸੇ ਦਿਨ ਪੋਸਟ ਕੀਤੀ ਗਈ ਸੀ। ਹੁਣ ਬਲਵਿੰਦਰ ਸਿੰਘ 20 ਅਪ੍ਰੈਲ ਨੂੰ ਜੱਜ ਐਂਡਰਿਊ ਗੋਲਡਬਰਗ ਦੇ ਸਾਹਮਣੇ ਮੁੱਢਲੀ ਸੁਣਵਾਈ ਲਈ ਪੇਸ਼ ਹੋਵੇਗਾ ਇਸ ਤੋਂ ਬਾਅਦ ਹੀ ਜੱਜ ਵੱਲੋਂ ਫ਼ੈਸਲਾ ਸੁਣਾਇਆ ਜਾਵੇਗਾ।