ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਬਲਾਕ ਸੁਲਤਾਨਪੁਰ ਲੋਧੀ ਦੇ ਪਿੰਡ ਬਿਧੀਪੁਰ ਨਾਲ ਸਬੰਧਤ ਦੋ ਸਕੇ ਭਰਾਵਾਂ ਦੀ ਅਮਰੀਕਾ ਦੇ ਪੋਰਟਲੈਂਡ ‘ਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਹ ਮੰਦਭਾਗੀ ਘਟਨਾ ਇਕ ਸ਼ਾਪਿੰਗ ਮਾਲ ਦੇ ਬਾਹਰ ਵਾਪਰੀ ਜਦੋਂ ਦੋਹਾਂ ਨੂੰ ਹਮਲਾਵਰ ਨੇ ਗੋਲੀਆਂ ਮਾਰੀਆਂ। ਮਰਨ ਵਾਲਿਆਂ ਦੀ ਪਛਾਣ ਦਿਲਰਾਜ ਸਿੰਘ ਅਤੇ ਗੁਰਇਕਬਾਲ ਸਿੰਘ ਵਜੋਂ ਹੋਈ ਹੈ। ਦੋਵੇਂ ਭਰਾ ਚੰਗੇ ਭਵਿੱਖ ਦੀ ਭਾਲ ‘ਚ ਅਮਰੀਕਾ ‘ਚ ਪਿਛਲੇ ਲੰਬੇ ਸਮੇਂ ਤੋਂ ਰਹਿ ਰਹੇ ਸਨ। ਪਰਿਵਾਰਕ ਮੈਂਬਰਾਂ ਅਨੁਸਾਰ ਦੋਵੇਂ ਭਰਾਵਾਂ ਦਾ ਕਪੂਰਥਲਾ ਦੇ ਇਕ ਪਿੰਡ ਦੇ ਰਹਿਣ ਵਾਲੇ ਸਟੋਰ ਪਾਰਟਨਰ ਨਾਲ ਕੋਈ ਵਿਵਾਦ ਚੱਲ ਰਿਹਾ ਸੀ। ਇਸੇ ਰੰਜਿਸ਼ ਦੇ ਚਲਦਿਆਂ ਉਕਤ ਵਿਅਕਤੀ ਵੱਲੋਂ ਸਾਥੀਆਂ ਸਮੇਤ ਕਥਿਤ ਤੌਰ ‘ਤੇ ਦੋਹਾਂ ਭਰਾਵਾਂ ‘ਤੇ ਪੋਰਟਲੈਂਡ ਵਿਖੇ ਸ਼ਾਪਿੰਗ ਮਾਲ ਦੇ ਬਾਹਰ ਪਹੁੰਚ ਕੇ ਦਰਜਨਾਂ ਗੋਲੀਆਂ ਦਾਗ ਦਿੱਤੀਆਂ ਗਈਆਂ। ਇਸ ਕਰਕੇ ਦਿਲਰਾਜ ਸਿੰਘ ਅਤੇ ਗੁਰਇਕਬਾਲ ਸਿੰਘ ਦੋਹਾਂ ਭਰਾਵਾਂ ਦੀ ਮੌਕੇ ‘ਤੇ ਮੌਤ ਹੋ ਗਈ। ਜਿਕਰਯੋਗ ਹੈ ਕਿ ਮ੍ਰਿਤਕ ਦਿਲਰਾਜ ਸਿੰਘ (32) ਸ਼ਾਦੀਸ਼ੁਦਾ ਸੀ ਅਤੇ ਉਸ ਦਾ ਇਕ 6 ਮਹੀਨਿਆਂ ਦਾ ਬੇਟਾ ਹੈ ਅਤੇ ਗੁਰਇਕਬਾਲ ਸਿੰਘ (26) ਦੀ ਕੜ੍ਹਮਾਈ ਹੋਈ ਪਈ ਸੀ ਅਤੇ ਇਸ ਸਾਲ ਦੇ ਅਖੀਰ ‘ਚ ਉਸ ਦਾ ਵਿਆਹ ਸੀ। ਦੋਵੇਂ ਨੌਜਵਾਨ ਲੰਮੇ ਸਮੇਂ ਤੋਂ ਅਮਰੀਕਾ ਦੇ ਪੋਰਟਲੈਂਡ ‘ਚ ਰਹਿੰਦੇ ਸਨ ਜਿਨ੍ਹਾਂ ‘ਚੋਂ ਇਕ ਨੌਜਵਾਨ 10 ਸਾਲ ਪਹਿਲਾਂ ਗਿਆ ਸੀ ਅਤੇ ਦੂਜਾ ਨੌਜਵਾਨ ਕਰੀਬ 6 ਸਾਲ ਪਹਿਲਾਂ ਗਿਆ ਸੀ। ਦੂਜੇ ਪਾਸੇ ਅਮਰੀਕਨ ਪੁਲੀਸ ਨੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਮਾਮਲੇ ਦੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦਾ ਨਾਂ ਜੋਬਨਪ੍ਰੀਤ ਸਿੰਘ ਦੱਸਿਆ ਗਿਆ ਹੈ ਪਰ ਪੁਲੀਸ ਨੇ ਹਾਲੇ ਇਸ ਮਾਮਲੇ ‘ਚ ਹੋਰ ਵਿਸਥਾਰਤ ਜਾਣਕਾਰੀ ਨਹੀਂ ਦਿੱਤੀ ਹੈ।