ਲਿਜ਼ ਟਰੱਸ ਵੱਲੋਂ ਅਹੁਦਾ ਛੱਡਣ ਤੋਂ ਬਾਅਦ ਬ੍ਰਿਟੇਨ ਦਾ ਪ੍ਰਧਾਨ ਮੰਤਰੀ ਬਣਨਦੀ ਦੌੜ ‘ਚ ਸ਼ਾਮਲ ਭਾਰਤੀ ਮੂਲ ਦੇ ਰਿਸ਼ੀ ਸੂਨਕ ਨੂੰ ਸੌ ਸੰਸਦ ਮੈਂਬਰਾਂ ਦਾ ਸਮਰਥਨ ਹਾਸਲ ਹੈ। ਸੂਨਕ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਵਜੋਂ ਲਿਜ਼ ਟਰੱਸ ਦੀ ਥਾਂ ਲੈਣ ਦੀ ਦੌੜ ‘ਚ ਹਨ। ਜ਼ਿਕਰਯੋਗ ਹੈ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ, ਜੋ ਕਿ ਕੈਰੇਬੀਅਨ ਦੇਸ਼ ‘ਚ ਛੁੱਟੀਆਂ ਮਨਾ ਰਹੇ ਸਨ, ਵੀ ਇਸ ਦੌੜ ‘ਚ ਸ਼ਾਮਲ ਹੋਣ ਦੇ ਇਰਾਦੇ ਨਾਲ ਵਤਨ ਪਰਤ ਆਏ ਹਨ। ਇਸ ਦੇ ਨਾਲ ਹੀ 42 ਸਾਲਾ ਸੂਨਕ ਦਾ ਸਮਰਥਨ ਕਰਨ ਵਾਲੇ ਸੰਸਦ ਮੈਂਬਰਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਧਿਆਨਯੋਗ ਹੈ ਕਿ ਅਜੇ ਤੱਕ ਨਾ ਤਾਂ ਸੂਨਕ ਅਤੇ ਨਾ ਹੀ ਜਾਨਸਨ ਨੇ ਪਾਰਟੀ ਦਾ ਨੇਤਾ ਬਣਨ ਲਈ ਚੋਣ ਲੜਨ ਦਾ ਰਸਮੀ ਐਲਾਨ ਕੀਤਾ ਹੈ। ਹੁਣ ਤੱਕ ‘ਲੀਡਰ ਆਫ ਕਾਮਨਜ਼’ ਪੈਨੀ ਮੋਰਡੈਂਟ ਹੀ ਅਜਿਹੇ ਉਮੀਦਵਾਰ ਹਨ, ਜਿਨ੍ਹਾਂ ਨੇ ਚੋਣ ਲੜਨ ਦਾ ਐਲਾਨ ਕੀਤਾ ਹੈ। ਹਾਲਾਂਕਿ ਸਾਬਕਾ ਵਿੱਤ ਮੰਤਰੀ ਸੂਨਕ ਨੂੰ ਟੋਰੀ ਪਾਰਟੀ ਦੇ ਕੁਝ ਮੰਤਰੀਆਂ ਅਤੇ ਟੋਰੀ ਪਾਰਟੀ ਦੇ ਵੱਖ-ਵੱਖ ਧੜਿਆਂ ਦੇ ਕੁਝ ਸੰਸਦ ਮੈਂਬਰਾਂ ਦਾ ਸਮਰਥਨ ਹਾਸਲ ਹੈ। ਸਾਬਕਾ ਉਪ ਪ੍ਰਧਾਨ ਮੰਤਰੀ ਡੋਮੀਨਿਕ ਰਾਬ ਨੇ ਦੱਸਿਆ, ‘ਗਰਮੀਆਂ ਲਈ ਰਿਸ਼ੀ ਦੀ ਯੋਜਨਾ ਬਿਲਕੁਲ ਸਹੀ ਸੀ ਅਤੇ ਮੈਨੂੰ ਲੱਗਦਾ ਹੈ ਕਿ ਇਹ ਅਜੇ ਵੀ ਸਹੀ ਯੋਜਨਾ ਹੈ।’ ਉਨ੍ਹਾਂ ਕਿਹਾ, ‘ਮੈਨੂੰ ਲੱਗਦਾ ਹੈ ਕਿ ਉਹ ਕੁਝ ਸਥਿਰਤਾ ਲਿਆਉਣ ਅਤੇ ਲੱਖਾਂ ਕਰਮਚਾਰੀਆਂ ਨੂੰ ਵਿਸ਼ਵਾਸ ਦਿਵਾਉਣ ਤੇ ਦੇਸ਼ ‘ਚ ਕਾਰੋਬਾਰ ਨੂੰ ਉਤਸ਼ਾਹਿਤ ਕਰਨ ਲਈ ਇਕ ਯੋਗ ਉਮੀਦਵਾਰ ਹਨ।’ ਰਾਬ ਨੇ ਕਿਹਾ, ‘ਅਸੀਂ ਪਿੱਛੇ ਨਹੀਂ ਜਾ ਸਕਦੇ। ਅਸੀਂ ਪਾਰਟੀਗੇਟ ਵਰਗੀ ਕੋਈ ਹੋਰ ਘਟਨਾ ਦੁਬਾਰਾ ਨਹੀਂ ਚਾਹੁੰਦੇ। ਸਾਨੂੰ ਦੇਸ਼ ਅਤੇ ਸਰਕਾਰ ਨੂੰ ਅੱਗੇ ਲੈ ਕੇ ਜਾਣਾ ਹੈ।’ ਘਟਨਾਕ੍ਰਮ ‘ਚ ਨਵਾਂ ਮੋੜ ਸਕਾਈ ਨਿਊਜ਼ ਦੀ ਖ਼ਬਰ ਨਾਲ ਆਇਆ, ਜਿਸ ‘ਚ ਉਸ ਨੇ ਡੋਮੀਨਿਕ ਰੀਪਬਲਿਕ ਤੋਂ ਜਾਨਸਨ ਨੂੰ ਪਤਨੀ ਅਤੇ ਬੱਚਿਆਂ ਨਾਲ ਲੰਡਨ ਪਰਤਦਾ ਦਿਖਾਇਆ ਹੈ। ਇਸ ਦੇ ਨਾਲ ਹੀ ਸਾਬਕਾ ਪ੍ਰਧਾਨ ਮੰਤਰੀ ਦੇ ਸਹਿਯੋਗੀਆਂ ਨੇ ਸੰਕੇਤ ਦਿੱਤਾ ਹੈ ਕਿ ਉਹ 10 ਡਾਊਨਿੰਗ ਸਟ੍ਰੀਟ ‘ਤੇ ਜਾਨਸਨ ਦੀ ਵਾਪਸੀ ਦਾ ਸਮਰਥਨ ਕਰਦੇ ਹਨ।