ਸ਼੍ਰੀਲੰਕਾ ‘ਚ ਇਕ 15 ਸਾਲਾ ਮੁੰਡੇ ਨੇ ਆਪਣੀ ਪ੍ਰੇਮਿਕਾ ਦੇ ਘਰ ਜਾਣ ਲਈ ਸਰਕਾਰੀ ਬੱਸ ਚੋਰੀ ਕਰ ਲਈ ਅਤੇ ਹੁਣ ਇਸ ਮੁੰਡੇ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਡੇਲੀ ਮਿਰਰ ਦੀ ਰਿਪੋਰਟ ਮੁਤਾਬਕ ਅਣਪਛਾਤੇ ਮੁੰਡੇ ਨੇ ਪਿਲੀਅਆਂਦਲਾ ਬੱਸ ਸਟੈਂਡ ਤੋਂ ਬੱਸ ਚੋਰੀ ਕੀਤੀ ਅਤੇ ਆਪਣੀ ਪ੍ਰੇਮਿਕਾ ਨੂੰ ਮਿਲਣ ਚਲਾ ਗਿਆ। ਪੁਲੀਸ ਅਨੁਸਾਰ ਬੱਸ ਡਰਾਈਵਰ ਐਤਵਾਰ ਸ਼ਾਮ ਨੂੰ ਬੱਸ ਸਟੈਂਡ ‘ਤੇ ਬੱਸ ਪਾਰਕ ਕਰਕੇ ਖਾਣਾ ਖਾਣ ਲਈ ਗਿਆ ਸੀ। ਜਦੋਂ ਉਹ ਵਾਪਸ ਪਰਤਿਆ ਤਾਂ ਉਸ ਨੇ ਦੇਖਿਆ ਕਿ ਬੱਸ ਗਾਇਬ ਸੀ। ਉਸ ਨੇ ਤੁਰੰਤ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ। ਕਰੀਬ ਤਿੰਨ ਘੰਟੇ ਬਾਅਦ ਪੁਲੀਸ ਨੇ ਬੱਸ ਨੂੰ ਸੜਕ ‘ਤੇ ਚੱਲਦੇ ਹੋਏ ਦੇਖਿਆ ਅਤੇ ਇਸ ਨੂੰ ਚੈਕਿੰਗ ਲਈ ਰੋਕ ਲਿਆ। ਬੱਸ ਚਲਾ ਰਿਹਾ ਸ਼ੱਕੀ ਮੁੰਡਾ ਬੱਸ ਨੂੰ ਮੌਕੇ ‘ਤੇ ਹੀ ਛੱਡ ਕੇ ਫ਼ਰਾਰ ਹੋ ਗਿਆ। ਹਾਲਾਂਕਿ ਪੁਲੀਸ ਨੇ ਪਿੱਛਾ ਕਰਕੇ ਦੋਸ਼ੀ ਨੂੰ ਕਾਬੂ ਕਰ ਲਿਆ। ਪੁੱਛਗਿੱਛ ‘ਤੇ ਸ਼ੱਕੀ ਨੇ ਮੰਨਿਆ ਕਿ ਉਸ ਨੇ ਬੱਸ ਇਸ ਲਈ ਚੋਰੀ ਕੀਤੀ ਸੀ ਕਿਉਂਕਿ ਉਹ ਮੋਰਾਗਹਾਨਾ ਵਿਖੇ ਆਪਣੀ ਪ੍ਰੇਮਿਕਾ ਨੂੰ ਮਿਲਣ ਜਾਣਾ ਚਾਹੁੰਦਾ ਸੀ। ਹੋਰ ਜਾਂਚ ਤੋਂ ਪਤਾ ਲੱਗਾ ਹੈ ਕਿ ਮੁੰਡੇ ਨੇ ਕਰੀਬ ਇਕ ਸਾਲ ਪਹਿਲਾਂ ਵੀ ਇਸੇ ਤਰ੍ਹਾਂ ਇਕ ਬੱਸ ਚੋਰੀ ਕੀਤੀ ਸੀ।