ਹਮੇਸ਼ਾ ਚਰਚਾ ‘ਚ ਰਹਿਣ ਵਾਲੇ ਅਤੇ ਜਬਰ ਜਨਾਹ ਤੇ ਕਤਲ ਦੇ ਕੇਸ ‘ਚ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਇਨ੍ਹੀਂ ਦਿਨੀਂ ਪੈਰੋਲ ‘ਤੇ ਜੇਲ੍ਹ ਤੋਂ ਬਾਹਰ ਹੈ। ਇਸ ਦੌਰਾਨ ਡੇਰਾ ਮੁਖੀ ਨੇ ਨਸ਼ਿਆਂ ਖ਼ਿਲਾਫ਼ ਇਕ ਹੋਰ ‘ਦੇਸ਼ ਕੀ ਜਵਾਨੀ’ ਗਾਣਾ ਰਿਲੀਜ਼ ਕੀਤਾ ਹੈ। 4 ਮਿੰਟ ਤੇ 21 ਸੈਕਿੰਡ ਦੇ ਇਸ ਗਾਣੇ ‘ਚ ਉਸ ਨੇ ਦੇਸ਼ ਦੇ ਨੌਜਵਾਨਾਂ ਨੂੰ ਨਸ਼ੇ ਦੀ ਅਲਾਮਤ ਨੂੰ ਛੱਡਣ ਦਾ ਸੰਦੇਸ਼ ਦਿੱਤਾ ਹੈ। ਜ਼ਿਕਰਯੋਗ ਹੈ ਕਿ ਡੇਰਾ ਮੁਖੀ 40 ਦਿਨ ਦੀ ਪੈਰੋਲ ‘ਤੇ ਆਇਆ ਹੈ ਤੇ ਇਸ ਸਮੇਂ ਉਹ ਆਪਣੇ ਬਾਗਪਤ ਵਿਖੇ ਆਸ਼ਰਮ ‘ਚ ਹੈ। ਉਥੋਂ ਹੀ ਉਸ ਨੇ ਰਾਜਸਥਾਨ ਦੇ ਪੈਰੋਕਾਰਾਂ ਲਈ ਕੀਤੇ ਆਨਲਾਈਨ ਸਤਿਸੰਗ ਤੋਂ ਬਾਅਦ ਇਹ ਗੀਤ ਯੂਟਿਊਬ ‘ਤੇ ਰਿਲੀਜ਼ ਕੀਤਾ ਹੈ। ਇਹ ਗਾਣਾ ਡੇਰਾ ਮੁਖੀ ਨੇ ਖ਼ੁਦ ਲਿਖਿਆ ਅਤੇ ਖ਼ੁਦ ਹੀ ਕੰਪੋਜ ਕਰਕੇ ਇਸ ਦੀਆਂ ਧੁਨਾਂ ਬਣਾਈਆਂ ਹਨ। ਪਿਛਲੇ ਸਾਲ ਨਵੰਬਰ ‘ਚ ਵੀ ਡੇਰਾ ਮੁਖੀ ਵੱਲੋਂ ਤਿੰਨ ਗੀਤ ਰਿਲੀਜ਼ ਕੀਤੇ ਗਏ ਸਨ। ਸਤਿਸੰਗ ਤੋਂ ਇਕ ਦਿਨ ਪਹਿਲਾਂ ਭਾਵ ਸ਼ਨਿਚਰਵਾਰ ਨੂੰ ਰਾਜਸਥਾਨ ਦੇ ਡੇਰਾ ਪੈਰੋਕਾਰਾਂ ਨੇ ਸਿਰਫ਼ 6 ਘੰਟਿਆਂ ‘ਚ ਖੇਤਰਫਲ ਪੱਖੋਂ ਦੇਸ਼ ਦੇ ਸਭ ਤੋਂ ਵੱਡੇ ਸੂਬੇ ਰਾਜਸਥਾਨ ਨੂੰ ਸਾਫ਼ ਕਰਨ ਦਾ ਦਾਅਵਾ ਕੀਤਾ ਹੈ। ਇਹ ਸਫ਼ਾਈ ਅਭਿਆਨ ‘ਚ ਸੂਬੇ ਦੇ ਵੱਖ-ਵੱਖ ਸ਼ਹਿਰਾਂ, ਤਹਿਸੀਲਾਂ ਤੋਂ ਇਲਾਵਾ ਪਿੰਡਾਂ, ਕਸਬਿਆਂ ‘ਚ ਚਲਾਇਆ ਗਿਆ।