ਉੱਤਰੀ ਮੈਕਸਿਕੋ ‘ਚ ਅਮਰੀਕਾ ਦੀ ਸਰਹੱਦ ਨੇੜੇ ਇਕ ਪ੍ਰਵਾਸੀ ਨਜ਼ਰਬੰਦੀ ਕੇਂਦਰ ‘ਚ ਅੱਗ ਲੱਗਣ ਕਾਰਨ ਘੱਟੋ-ਘੱਟ 40 ਵਿਅਕਤੀਆਂ ਦੀ ਮੌਤ ਹੋ ਗਈ ਅਤੇ 29 ਹੋਰ ਜ਼ਖ਼ਮੀ ਹੋਏ ਹਨ। ਇਹ ਜਾਣਕਾਰੀ ਕੌਮੀ ਪ੍ਰਵਾਸ ਸੰਸਥਾ ਦੇ ਇਕ ਅਧਿਕਾਰੀ ਨੇ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਦਿੱਤੀ। ਖ਼ਬਰ ਮੁਤਾਬਕ ਉੱਤਰੀ ਮੈਕਸਿਕੋ ‘ਚ ਅਮਰੀਕਾ ਦੀ ਸਰਹੱਦ ਨੇੜੇ ਇਕ ਪ੍ਰਵਾਸ ਕੇਂਦਰ ‘ਚ ਅੱਗ ਲੱਗਣ ਕਾਰਨ ਘੱਟੋ-ਘੱਟ ਤਿੰਨ ਦਰਜਨ ਪ੍ਰਵਾਸੀਆਂ ਦੀ ਮੌਤ ਹੋ ਗਈ। ਤਸਵੀਰਾਂ ‘ਚ ਅਲ ਪਾਸ ਨੇੜੇ ਸਿਊਦਾਦ ਜੁਆਰੇਜ਼ ‘ਚ ਕੇਂਦਰ ਦੇ ਬਾਹਰ ਢੱਕ ਕੇ ਰੱਖੀਆਂ ਹੋਈਆਂ ਲਾਸ਼ਾਂ ਦਿਖਾਈ ਦੇ ਰਹੀਆਂ ਹਨ। ਮੌਕੇ ‘ਤੇ ਐਂਬੂਲੈਂਸਾਂ, ਫਾਇਰ ਬ੍ਰਿਗੇਡ ਅਮਲਾ ਅਤੇ ਵੈਨ ਦਿਖਾਈ ਦਿੱਤੀ। ਅਖ਼ਬਾਰ ‘ਡਿਆਰੀਓ ਡੀ ਜੁਆਰੇਜ਼’ ਨੇ ਚਿਹੂਅਹੂਆ ਸੂਬੇ ਦੇ ਸਰਕਾਰੀ ਵਕੀਲ ਦਫ਼ਤਰ ਦੇ ਬੇਨਾਮ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਅੱਗ ਲੱਗਣ ਦੀ ਘਟਨਾ ਸੋਮਵਾਰ ਦੇਰ ਰਾਤ ਵਾਪਰੀ ਜਿਸ ‘ਚ 40 ਲੋਕਾਂ ਦੀ ਮੌਤ ਹੋ ਗਈ। ਅਖਬਾਰ ਮੁਤਾਬਕ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਘਟਨਾ ਦੀ ਪੁਸ਼ਟੀ ਦੀ ਅਪੀਲ ‘ਤੇ ਮੈਕਸਿਕੋ ਦੀ ਕੌਮੀ ਪ੍ਰਵਾਸ ਸੰਸਥਾ ਅਤੇ ਚਿਹੂਅਹੂਆ ਸੂਬਾ ਸਰਕਾਰੀ ਵਕੀਲ ਦਫ਼ਤਰ ਵੱਲੋਂ ਤੁਰੰਤ ਕੋਈ ਪ੍ਰਕਿਰਿਆ ਨਹੀਂ ਦਿੱਤੀ। ਮੀਡੀਆ ਰਿਪੋਰਟਾਂ ਮੁਤਾਬਕ ਮੈਕਸਿਕੋ ਦੇ ਅਟਾਰਨੀ ਜਨਰਲ ਦਫ਼ਤਰ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਾਂਚਕਰਤਾ ਮੌਕੇ ‘ਤੇ ਮੌਜੂਦ ਹਨ। ਦੱਸਣਯੋਗ ਹੈ ਕਿ ਅਮਰੀਕਾ ‘ਚ ਦਾਖਲ ਹੋਣ ਵਾਲੇ ਪ੍ਰਵਾਸੀਆਂ ਲਈ ਸਿਊਦਾਦ ਇਕ ਮੁੱਖ ਲਾਂਘਾ ਹੈ। ਇਥੋਂ ਦੀਆਂ ਪਨਾਹਗਾਹਾਂ ਉਨ੍ਹਾਂ ਪ੍ਰਵਾਸੀਆਂ ਨਾਲ ਭਰੀਆਂ ਹੋਈਆਂ ਜਿਨ੍ਹਾਂ ਨੇ ਅਮਰੀਕਾ ‘ਚ ਸਿਆਸੀ ਸ਼ਰਨ ਲਈ ਅਪੀਲ ਕੀਤੀ ਹੋਈ ਹੈ ਅਤੇ ਪ੍ਰਕਿਰਿਆ ਦੀ ਉਡੀਕ ਕਰ ਰਹੇ ਹਨ।