ਪੰਜਾਬ ਸਰਕਾਰ ਨੇ ਪ੍ਰਵਾਸੀ ਪੰਜਾਬੀਆਂ ਨੂੰ ਦਰਪੇਸ਼ ਦਿੱਕਤਾਂ ਅਤੇ ਮਸਲੇ ਸੁਲਝਾਉਣ ਲਈ ਇਕ ਵਟਸਐਪ ਨੰਬਰ ਜਾਰੀ ਕੀਤਾ ਹੈ। ਪ੍ਰਵਾਸੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪ੍ਰਵਾਸੀ ਪੰਜਾਬੀਆਂ ਦੇ ਮਸਲਿਆਂ ਨੂੰ ਛੇਤੀ ਹੱਲ ਕਰਨ ਦੀ ਸਹੂਲਤ ਦੇਣ ਲਈ ਸੂਬੇ ‘ਚ ਜਲਦ ਹੀ ਫਾਸਟ ਟਰੈਕ ਅਦਾਲਤਾਂ ਦੀ ਸਥਾਪਨਾ ਕੀਤੀ ਜਾਵੇਗੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੋਲਡਨ ਜੁਬਲੀ ਕਨਵੈਨਸ਼ਨ ਸੈਂਟਰ ‘ਚ ਐਨ.ਆਰ.ਆਈ. ਮਿਲਣੀ ਸਮਾਗਮ ‘ਚ ਸ਼ਮੂਲੀਅਤ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਅਜਿਹੀਆਂ ਮਿਲਣੀਆਂ ਕਰਵਾ ਕੇ ਪ੍ਰਵਾਸੀਆਂ ਦੀਆਂ ਸ਼ਿਕਾਇਤਾਂ ਦਾ ਅਦਾਲਤਾਂ ਜ਼ਰੀਏ ਨਿਪਟਾਰਾ ਕਰੇਗੀ। ਪ੍ਰਵਾਸੀ ਭਾਰਤੀਆਂ ਦੇ ਸਿਵਲ ਕੇਸਾਂ ਦੇ ਨਿਪਟਾਰੇ ਲਈ ਅਦਾਲਤਾਂ ਦੀ ਸਥਾਪਨਾ ਲਈ ਜਲਦ ਹੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ ਤਾਂ ਕਿ ਪ੍ਰਵਾਸੀਆਂ ਦਾ ਸਮਾਂ ਅਤੇ ਪੈਸਾ ਬਚਾਇਆ ਜਾ ਸਕੇ। ਕੈਬਨਿਟ ਮੰਤਰੀ ਨੇ ਦੱਸਿਆ ਕਿ ਜ਼ਿਲ੍ਹਿਆਂ ‘ਚ ਨੋਡਲ ਅਫ਼ਸਰ ਤਾਇਨਾਤ ਕੀਤੇ ਜਾ ਰਹੇ ਹਨ ਜੋ ਪ੍ਰਵਾਸੀ ਭਾਰਤੀਆਂ ਦੇ ਮਸਲੇ ਬਿਨਾਂ ਕਿਸੇ ਦੇਰੀ ਦੇ ਨਿਪਟਾਉਣਗੇ। ਮੰਤਰੀ ਧਾਲੀਵਾਲ ਨੇ ਸਿਵਲ ਅਤੇ ਪੁਲੀਸ ਵਿਭਾਗ ਦੇ ਅਧਿਕਾਰੀਆਂ ਦੀ ਹਾਜ਼ਰੀ ‘ਚ ਜ਼ਿਲ੍ਹਾ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਅਤੇ ਤਰਨ ਤਾਰਨ ਦੇ ਪ੍ਰਵਾਸੀ ਭਾਰਤੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਹਦਾਇਤ ਕੀਤੀ ਕਿ ਇਨ੍ਹਾਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ। ਸਮਾਗਮ ਦੌਰਾਨ ਕੁੱਲ 103 ਕੇਸਾਂ ਦੀ ਸੁਣਵਾਈ ਹੋਈ। ਇਸ ਮੌਕੇ ਕੈਬਨਿਟ ਮੰਤਰੀ ਨੇ ਪ੍ਰਵਾਸੀ ਪੰਜਾਬੀਆਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਇਕ ਵਟਸਐਪ ਨੰਬਰ 90560-09884 ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਇਸ ਨੰਬਰ ‘ਤੇ ਪ੍ਰਾਪਤ ਹੋਈ ਸ਼ਿਕਾਇਤ ਸਬੰਧਤ ਅਧਿਕਾਰੀ ਤੱਕ ਪਹੁੰਚਾਈ ਜਾਵੇਗੀ ਤੇ ਇਸ ਸ਼ਿਕਾਇਤ ਦੀ ਅਪਡੇਟ ਵੀ ਸਬੰਧਤ ਪ੍ਰਵਾਸੀ ਨੂੰ ਦਿੱਤੀ ਜਾਵੇਗੀ।