ਕਾਮਨਵੈਲਥ ਗੇਮਜ਼ ’ਚ ਇੰਡੀਆ ਦੇ ਸੁਧੀਰ ਨੇ ਪਾਵਰਲਿਫਟਿੰਗ ਮੁਕਾਬਲੇ ਦੇ ਪੁਰਸ਼ ਹੈਵੀਵੇਟ ਫਾਈਨਲ ’ਚ ਰਿਕਾਰਡਤੋਡ਼ ਪ੍ਰਦਰਸ਼ਨ ਕਰਦੇ ਹੋਏ ਸੋਨ ਤਗ਼ਮਾ ਜਿੱਤ ਕੇ ਇਤਿਹਾਸ ਰਚ ਦਿੱਤਾ। ਸੁਧੀਰ ਰਾਸ਼ਟਰਮੰਡਲ ਖੇਡਾਂ ਦੇ ਪੈਰਾ ਪਾਵਰਲਿਫਟਿੰਗ ਮੁਕਾਬਲੇ ’ਚ ਸੋਨ ਤਗ਼ਮਾ ਜਿੱਤਣ ਵਾਲੇ ਪਹਿਲੇ ਭਾਰਤੀ ਐਥਲੀਟ ਹਨ। ਉਨ੍ਹਾਂ ਨੇ ਆਪਣੀ ਦੂਜੀ ਕੋਸ਼ਿਸ਼ ’ਚ 212 ਕਿਲੋਗ੍ਰਾਮ ਭਾਰ ਚੁੱਕ ਕੇ ਰਿਕਾਰਡ 134.5 ਅੰਕਾਂ ਨਾਲ ਸੋਨ ਤਗ਼ਮਾ ਜਿੱਤਿਆ। ਹਾਲਾਂਕਿ ਸੁਧੀਰ ਆਪਣੀ ਆਖ਼ਰੀ ਕੋਸ਼ਿਸ਼ ’ਚ 217 ਕਿਲੋ ਭਾਰ ਚੁੱਕਣ ’ਚ ਅਸਫ਼ਲ ਰਹੇ। ਨਾਈਜੀਰੀਆ ਦੇ ਇਕੇਚੁਕਵੂ ਕ੍ਰਿਸਚੀਅਨ ਉਬੀਚੁਕਵੂ ਨੇ 133.6 ਅੰਕਾਂ ਨਾਲ ਚਾਂਦੀ ਦਾ ਤਗ਼ਾ ਜਿੱਤਿਆ। ਜਦਕਿ ਸਕਾਟਲੈਂਡ ਦੇ ਮਿਕੀ ਯੂਲ ਨੇ 130.9 ਅੰਕਾਂ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ। ਕ੍ਰਿਸਚੀਅਨ ਨੇ 197 ਕਿਲੋਗ੍ਰਾਮ ਜਦੋਂਕਿ ਯੂਲ ਨੇ 192 ਕਿਲੋਗ੍ਰਾਮ ਭਾਰ ਚੁੱਕਿਆ।