ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਅਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਦਿੱਲੀ ਦੇ ਜੰਤਰ ਮੰਤਰ ‘ਤੇ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਨੇ ਆਪਣੇ ਅੰਦੋਲਨ ਨੂੰ ਆਲਮੀ ਪੱਧਰ ‘ਤੇ ਲਿਜਾਣ ਲਈ ਤਿਆਰੀ ਵਿੱਢ ਦਿੱਤੀ ਹੈ। ਇਸ ਲਈ ਹੋਰਨਾਂ ਮੁਲਕਾਂ ਦੇ ਓਲੰਪਿਕ ਤਗ਼ਮਾ ਜੇਤੂਆਂ ਤੇ ਅਥਲੀਟਾਂ ਤੱਕ ਪਹੁੰਚ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਧਰਨਾਕਾਰੀ ਪਹਿਲਵਾਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਉਨ੍ਹਾਂ ਦੀ ਮੰਗ ਵੱਲ ਧਿਆਨ ਨਾ ਦਿੱਤਾ ਉਹ 21 ਮਈ ਮਗਰੋਂ ਕੋਈ ਵੱਡਾ ਫ਼ੈਸਲਾ ਲੈਣਗੇ। ਇਸ ਦੌਰਾਨ ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਸਤਿਆਪਾਲ ਮਲਿਕ, ਭਾਜਪਾ ਆਗੂ ਬੀਰੇਂਦਰ ਸਿੰਘ ਅਤੇ ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ਨੇ ਜੰਤਰ ਮੰਤਰ ‘ਤੇ ਪੁੱਜ ਕੇ ਪਹਿਲਵਾਨਾਂ ਨੂੰ ਸਮਰਥਨ ਦਿੱਤਾ ਤੇ ਧਰਨਾਕਾਰੀਆਂ ਨੂੰ ਸੰਬੋਧਨ ਕੀਤਾ। ਸ਼ਾਮ ਨੂੰ ਪਹਿਲਵਾਨਾਂ ਤੇ ਹੋਰ ਲੋਕਾਂ ਕਨਾਟ ਪਲੇਸ ਤੱਕ ਮਾਰਚ ਕੀਤਾ। ਓਲੰਪਿਕ ਤਗ਼ਮਾ ਜੇਤੂ ਬਜਰੰਗ ਪੂਨੀਆ, ਸਾਕਸ਼ੀ ਮਲਿਕ ਤੇ ਏਸ਼ਅਨ ਖੇਡਾਂ ‘ਚ ਸੋਨ ਤਗ਼ਮਾ ਜਿੱਤਣ ਵਾਲੀ ਵਿਨੇਸ਼ ਫੋਗਾਟ ਸਣੇ ਦੇਸ਼ ਦੇ ਸਿਖਰਲੇ ਪਹਿਲਵਾਨ ਪਿਛਲੇ 23 ਦਿਨਾਂ ਤੋਂ ਜੰਤਰ-ਮੰਤਰ ‘ਤੇ ਧਰਨਾ ਲਾਈ ਬੈਠੇ ਹਨ। ਪਹਿਲਵਾਨ ਜਿਨਸੀ ਸ਼ੋਸ਼ਣ ਮਾਮਲੇ ‘ਚ ਬ੍ਰਿਜ ਭੂਸ਼ਣ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਮੰਗ ‘ਤੇ ਬਜ਼ਿੱਦ ਹਨ। ਚੇਤੇ ਰਹੇ ਕਿ ਇਕ ਨਾਬਾਲਗ ਸਣੇ ਸੱਤ ਮਹਿਲਾ ਪਹਿਲਵਾਨਾਂ ਨੇ ਬ੍ਰਿਜ ਭੂਸ਼ਣ ਸਿੰਘ ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਸਨ। ਵਿਨੇਸ਼ ਫੋਗਾਟ ਨੇ ਕਿਹਾ, ‘ਅਸੀਂ ਆਪਣੇ ਪ੍ਰਦਰਸ਼ਨ ਨੂੰ ਆਲਮੀ ਮੰਚ ‘ਤੇ ਲਿਜਾਵਾਂਗੇ। ਅਸੀਂ ਹੋਰਨਾਂ ਮੁਲਕਾਂ ਦੇ ਓਲੰਪੀਅਨਾਂ ਤੇ ਓਲੰਪਿਕ ਤਗ਼ਮਾ ਜੇਤੂਆਂ ਤੱਕ ਪਹੁੰਚ ਕਰਾਂਗੇ। ਅਸੀਂ ਉਨ੍ਹਾਂ ਦੀ ਹਮਾਇਤ ਲਈ ਉਨ੍ਹਾਂ ਨੂੰ ਪੱਤਰ ਵੀ ਲਿਖਾਂਗੇ।’ ਮਹਿਲਾ ਪਹਿਲਵਾਨ ਨੇ ਦਾਅਵਾ ਕੀਤਾ ਕਿ ਕੁਝ ਅਨਸਰਾਂ ਨੇ ਐਤਵਾਰ ਰਾਤ ਉਨ੍ਹਾਂ ਦੇ ਧਰਨੇ ਨੂੰ ਦਾਗ਼ਦਾਰ ਕਰਨ ਦੀ ਕੋਸ਼ਿਸ਼ ਕੀਤੀ। ਫੋਗਾਟ ਨੇ ਦਾਅਵਾ ਕੀਤਾ ਕਿ ਧਰਨੇ ਵਾਲੀ ਥਾਂ ਪਹਿਲਵਾਨਾਂ ਦਾ ਪਿੱਛਾ ਕੀਤਾ ਜਾ ਰਿਹੈ। ਪਹਿਲਵਾਨ ਨੇ ਕਿਹਾ, ‘ਕੁਝ ਲੋਕਾਂ ਨੇ ਸਾਡੇ ਧਰਨੇ ‘ਚ ਅੜਿੱਕੇ ਡਾਹੁਣ ਦੀ ਕੋਸ਼ਿਸ਼ ਕੀਤੀ। ਪਿਛਲੀ ਵਾਰ ਪ੍ਰਦਰਸ਼ਨ ਵਾਲੀ ਥਾਂ ਸੌਣ ਵਾਲੇ ਮੰਜੇ ਲਿਆਉਣ ਮੌਕੇ ਵੀ ਇਹੀ ਕੁਝ ਹੋਇਆ ਸੀ।’ ਵਿਨੇਸ਼ ਨੇ ਕਿਹਾ, ‘ਸਾਡਾ ਪਿੱਛਾ ਕੀਤਾ ਜਾ ਰਿਹੈ। ਲੋਕ ਰਿਕਾਰਡਿੰਗ ਕਰ ਰਹੇ ਹਨ। ਤਸਵੀਰਾਂ ਖਿੱਚੀਆਂ ਜਾ ਰਹੀਆਂ ਹਨ। ਅਤੇ ਜਦੋਂ ਅਸੀਂ ਉਨ੍ਹਾਂ ਨੂੰ ਰੋਕਦੇ ਹਾਂ, ਉਹ ਸੁਣਦੇ ਨਹੀਂ।’ ਉਸ ਨੇ ਕਿਹਾ, ‘ਮਹਿਲਾਵਾਂ, ਜਿਨ੍ਹਾਂ ਨੂੰ ਅਸੀਂ ਜਾਣਦੇ ਨਹੀਂ, ਨੂੰ ਟੈਂਟਾਂ ਦੇ ਅੰਦਰ ਭੇਜਿਆ ਜਾ ਰਿਹੈ। ਅਜਿਹੀਆਂ ਚੀਜ਼ਾਂ ਹੋ ਰਹੀਆਂ ਹਨ, ਜੋ ਅਸੀਂ ਨਹੀਂ ਚਾਹੁੰਦੇ ਕਿ ਧਰਨੇ ਵਾਲੀ ਥਾਂ ਹੋਣ। ਇਸ ਨਾਲ ਸੱਚਾਈ ਤੇ ਨਿਆਂ ਖ਼ਿਲਾਫ਼ ਸਾਡੀ ਲੜਾਈ ਬਦਨਾਮ ਹੋਵੇਗੀ।’ ਧਰਨੇ ਨੂੰ ਸਾਬਕਾ ਰਾਜਪਾਲ ਸਤਿਆਪਾਲ ਮਲਿਕ ਨੇ ਵੀ ਸੰਬੋਧਨ ਕੀਤਾ।