ਇੰਡੀਆ ਦੀ ਆਪਣੇ ਜ਼ਮਾਨੇ ਦੀ ਨਾਮੀਂ ਅਥਲੀਟ ਪੀ.ਟੀ. ਊਸ਼ਾ ਤੇ ਸੰਗੀਤ ਸਮਰਾਟ ਇਲੱਈਆ ਰਾਜਾ ਸਣੇ ਕੁਝ ਹੋਰਨਾਂ ਉੱਘੀਆਂ ਹਸਤੀਆਂ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਗਿਆ ਹੈ। ਸਮਾਜ ਸੇਵੀ ਤੇ ਧਰਮਸਥਲ ਮੰਦਿਰ ਦੇ ਪ੍ਰਸ਼ਾਸਕ ਵੀਰੇਂਦਰ ਹੈਗਡ਼ੇ ਤੇ ਉੱਘੇ ਪਟਕਥਾ ਲੇਖਕ ਵੀ. ਵਿਜੇਂਦਰਾ ਪ੍ਰਸਾਦ ਨੂੰ ਵੀ ਸੰਸਦ ਦੇ ਉਪਰਲੇ ਸਦਨ ਲਈ ਨਾਮਜ਼ਦ ਕੀਤਾ ਗਿਆ ਹੈ। ਉਪਰਲੇ ਸਦਨ ’ਚ ਨਾਮਜ਼ਦ ਮੈਂਬਰਾਂ ਦੇ ਵਰਗ ’ਚ ਕੁਝ ਸੀਟਾਂ ਖਾਲੀ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਖੋ-ਵੱਖਰੇ ਟਵੀਟ ਕਰਕੇ ਪੀ.ਟੀ. ਊਸ਼ਾ ਤੇ ਇਲੱਈਆ ਰਾਜਾ ਨੂੰ ਰਾਜ ਸਭਾ ਲਈ ਨਾਮਜ਼ਦ ਕੀਤੇ ਜਾਣ ਦੀ ਵਧਾਈ ਦਿੱਤੀ ਹੈ। ਮੋਦੀ ਨੇ ਟਵੀਟ ’ਚ ਊਸ਼ਾ ਤੇ ਇਲੱਈਆ ਰਾਜਾ ਨਾਲ ਆਪਣੀਆਂ ਪੁਰਾਣੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਇਲੱਈਆ ਰਾਜਾ ਨੇ ਕਈ ਫ਼ਿਲਮਾਂ ’ਚ ਯਾਦਗਾਰੀ ਸੰਗੀਤ ਦਿੱਤਾ ਜਦਕਿ ਪੀ.ਟੀ. ਊਸ਼ਾ ਦੇ ਨਾਂ ਖੇਡਾਂ ’ਚ ਕਈ ਰਿਕਾਰਡ ਦਰਜ ਹਨ।