ਤੂਫ਼ਾਨ ਫਿਓਨਾ ਨੇ ਕੈਨੇਡਾ ‘ਚ ਭਾਰੀ ਤਬਾਹੀ ਮਚਾਈ ਹੈ ਅਤੇ ਇਕ ਅੰਦਾਜ਼ੇ ਮੁਤਾਬਕ ਇਸ ਨਾਲ 660 ਮਿਲੀਅਨ ਕੈਨੇਡੀਅਨ ਡਾਲਰ ਦਾ ਬੀਮਾਯੁਕਤ ਨੁਕਸਾਨ ਹੋਇਆ ਹੈ। ਕੈਨੇਡਾ ਦੇ ਬੀਮਾ ਬਿਊਰੋ ਨੇ ਇਹ ਜਾਣਕਾਰੀ ਦਿੱਤੀ। ਬਿਊਰੋ ਨੇ ਇਕ ਬਿਆਨ ‘ਚ ਕਿਹਾ ਕਿ ਫਿਓਨਾ ਐਟਲਾਂਟਿਕ ਕੈਨੇਡਾ ‘ਚ ਦਰਜ ਕੀਤੀ ਗਈ ਸਭ ਤੋਂ ਵਿਨਾਸ਼ਕਾਰੀ ਅਤਿ ਮੌਸਮੀ ਘਟਨਾ ਹੈ ਅਤੇ ਬੀਮਾਯੁਕਤ ਨੁਕਸਾਨਾਂ ਦੇ ਮਾਮਲੇ ‘ਚ ਦੇਸ਼ ‘ਚ ਦਸਵੀਂ ਸਭ ਤੋਂ ਵੱਡੀ ਘਟਨਾ ਹੈ। ਬਹੁਤ ਸਾਰੇ ਪ੍ਰਭਾਵਿਤ ਨਿਵਾਸੀ ਉੱਚ ਜੋਖਮ ਵਾਲੇ ਹੜ੍ਹ ਵਾਲੇ ਖੇਤਰਾਂ ਅਤੇ ਹੜ੍ਹ ਦੇ ਮੈਦਾਨਾਂ ‘ਚ ਰਹਿ ਰਹੇ ਸਨ, ਜਿੱਥੇ ਰਿਹਾਇਸ਼ੀ ਹੜ੍ਹ ਬੀਮਾ ਕਵਰੇਜ ਉਪਲਬਧ ਨਹੀਂ ਹੈ। ਰਿਲੀਜ਼ ਅਨੁਸਾਰ ਨਤੀਜੇ ਵਜੋਂ ਇਸ ਤਬਾਹੀ ਲਈ ਬਹੁਤ ਜ਼ਿਆਦਾ ਖਰਚਾ ਸਰਕਾਰ ਦੁਆਰਾ ਸਹਿਣ ਕੀਤਾ ਜਾਵੇਗਾ। ਅਟਲਾਂਟਿਕ ਕੈਨੇਡਾ ਦਾ ਬੀਮਾ ਬਿਊਰੋ ਦੀ ਉਪ-ਪ੍ਰਧਾਨ ਅਮਾਂਡਾ ਡੀਨ ਨੇ ਕਿਹਾ ਕਿ ਜਿਵੇਂ ਕਿ ਅਸੀਂ ਹਰੀਕੇਨ ਫਿਓਨਾ ਕਾਰਨ ਹੋਏ ਨੁਕਸਾਨ ਦੀ ਹੱਦ ਨੂੰ ਵੇਖਣਾ ਸ਼ੁਰੂ ਕਰਦੇ ਹਾਂ ਤਾਂ ਇਹ ਸਪੱਸ਼ਟ ਹੈ ਕਿ ਹੋਰ ਬਹੁਤ ਕੁਝ ਕਰਨ ਦੀ ਲੋੜ ਹੈ। ਲੰਬੇ ਸਮੇਂ ਤੱਕ ਚੱਲਣ ਵਾਲੇ ਅਤੇ ਸ਼ਕਤੀਸ਼ਾਲੀ ਤੂਫਾਨ ਨੇ 24 ਸਤੰਬਰ ਨੂੰ ਐਟਲਾਂਟਿਕ ਕੈਨੇਡਾ ‘ਚ ਪਹਿਲੀ ਵਾਰ ਦਸਤਕ ਦਿੱਤੀ ਸੀ। ਐਟਲਾਂਟਿਕ ਕੈਨੇਡਾ ਅਤੇ ਪੂਰਬੀ ਕਿਊਬਿਕ ‘ਚ ਸੌ ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਹਵਾਵਾਂ ਦੇ ਨਾਲ ਫਿਓਨਾ ਦੇ ਨਤੀਜੇ ਵਜੋਂ ਭਾਰੀ ਬਾਰਿਸ਼ ਦੇ ਨਾਲ ਜਾਨ-ਮਾਲ ਦਾ ਨੁਕਸਾਨ ਹੋਇਆ। ਰਿਲੀਜ਼ ‘ਚ ਕਿਹਾ ਗਿਆ ਵੱਡੀਆਂ ਲਹਿਰਾਂ, ਤੂਫਾਨ ਅਤੇ ਦਰਖਤ ਡਿੱਗਣ ਕਾਰਨ ਬਿਜਲੀ ਸਪਲਾਈ ਠੱਪ ਹੋ ਗਈ। 2008 ਤੋਂ ਪੂਰੇ ਕੈਨੇਡਾ ‘ਚ ਗੰਭੀਰ ਮੌਸਮ ਦੇ ਬੀਮੇ ਦੇ ਦਾਅਵਿਆਂ ‘ਚ ਚਾਰ ਗੁਣਾ ਤੋਂ ਵੱਧ ਵਾਧਾ ਹੋਇਆ ਹੈ। ਦੇਸ਼ ‘ਚ ਬੀਮਾਯੁਕਤ ਵਿਨਾਸ਼ਕਾਰੀ ਨੁਕਸਾਨਾਂ ਲਈ ਨਵਾਂ ਆਮ ਸਲਾਨਾ ਦੋ ਬਿਲੀਅਨ ਕੈਨੇਡੀਅਨ ਡਾਲਰ ਤੱਕ ਪਹੁੰਚ ਗਿਆ ਹੈ।