ਮੁੰਬਈ ਐਂਟੀ ਨਾਰਕੋਟਿਕਸ ਸੈੱਲ ਦੀ ਵਰਲੀ ਯੂਨਿਟ ਨੇ ਗੁਜਰਾਤ ਦੇ ਭਰੂਚ ਜ਼ਿਲ੍ਹੇ ‘ਚ ਇਕ ਡਰੱਗ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ। ਪੁਲੀਸ ਨੇ ਭਰੂਚ ਦੇ ਅੰਕਲੇਸ਼ਵਰ ਇਲਾਕੇ ਤੋਂ ਲਗਭਗ 513 ਕਿਲੋ ਐੱਮ.ਡੀ. ਡਰੱਗਸ ਬਰਾਮਦ ਕੀਤੀ ਹੈ। ਜ਼ਬਤ ਕੀਤੀ ਗਈ ਡਰੱਗ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ‘ਚ 1026 ਕਰੋੜ ਰੁਪਏ ਹੈ। ਇਸ ਮਾਮਲੇ ‘ਚ ਪੁਲੀਸ ਨੇ ਇਕ ਮਹਿਲਾ ਸਮੇਤ 7 ਦੋਸ਼ੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਇਨ੍ਹਾਂ ‘ਚੋਂ 5 ਲੋਕਾਂ ਨੂੰ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ ਅਤੇ ਦੋ ਦੋਸ਼ੀ ਐਂਟੀ ਨਾਰਕੋਟਿਕਸ ਸੈੱਲ ਦੀ ਹਿਰਾਸਤ ‘ਚ ਹਨ।ਇਸ ਤੋਂ ਪਹਿਲਾਂ ਮੁੰਬਈ ਪੁਲੀਸ ਨੇ ਮਾਰਚ ‘ਚ ਸ਼ਿਵਾਜੀ ਨਗਰ ਤੋਂ ਜੋ ਡਰੱਗ ਦੀ ਖੇਪ ਫੜੀ ਸੀ ਅਤੇ ਉਸ ਤੋਂ ਬਾਅਦ ਤੋਂ ਹੀ ਪੁਲੀਸ ਇਸ ਦਾ ਸੋਰਸ ਪਤਾ ਲਾਉਣ ‘ਚ ਜੁੱਟੀ ਹੋਈ ਸੀ। ਮੁੰਬਈ ਪੁਲੀਸ ਨੂੰ ਇਸ ਖੇਪ ਨੂੰ ਫੜਨ ‘ਚ ਪੰਜ ਮਹੀਨੇ ਤੱਕ ਸੰਘਰਸ਼ ਕਰਨਾ ਪਿਆ। ਮਾਰਚ ਤੋਂ ਬਾਅਦ ਤੋਂ ਹੀ ਮੁੰਬਈ ਪੁਲੀਸ ਦੀ ਐਂਟੀ ਨਾਰਕੋਟਿਕਸ ਸੈੱਲ ਇਸ ‘ਤੇ ਲਗਾਤਾਰ ਕੰਮ ਕਰ ਰਹੀ ਸੀ। ਪੁਲੀਸ ਨੂੰ ਲੱਗਦਾ ਹੈ ਕਿ ਇਹ ਇਕ ਵੱਡਾ ਅੰਤਰਰਾਸ਼ਟਰੀ ਡਰੱਗ ਗਿਰੋਹ ਹੈ ਜੋ ਕਈ ਸੂਬਿਆਂ ‘ਚ ਫੈਲਿਆ ਹੋਇਆ ਹੈ। ਇਸੇ ਦੌਰਾਨ ਪਿੱਛੇ ਜਿਹੇ ਗੁਜਰਾਤ ਬੰਦਰਗਾਹ ਤੋਂ ਫੜੀ ਗਈ 21 ਹਜ਼ਾਰ ਕਰੋੜ ਰੁਪਏ ਦੀ ਹੈਰੋਇਨ ਮਾਮਲੇ ‘ਚ ਰਾਮਪੁਰਾ ਫੂਲ ਦੇ ਇਕ ਚਾਹ ਵਪਾਰੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਹੋ ਰਹੀ ਹੈ ਅਤੇ ਬਹੁਕਰੋੜੀ ਮਾਮਲੇ ਦੇ ਤਾਰ ਪੰਜਾਬ ਨਾਲ ਜੁੜਨ ਤੋਂ ਬਾਅਦ ਪੰਜਾਬ ‘ਚੋਂ ਹੋਰ ਗ੍ਰਿਫ਼ਤਾਰੀਆਂ ਸੰਭਵ ਹਨ।