ਅਰਜਨਟੀਨਾ ਦੇ ਪ੍ਰਸਿੱਧ ਫੁਟਬਾਲਰ ਅਤੇ ਵਰਲਡ ਕੱਪ 2022 ‘ਚ ਅਰਜਨਟੀਨਾ ਦੀ ਖਿਤਾਬੀ ਜਿੱਤ ਦੇ ਹੀਰੋ ਰਹੇ ਲਿਓਨਲ ਮੈਸੀ ਨੂੰ ਦੁਨੀਆ ਦੇ ਸਰਬੋਤਮ ਖਿਡਾਰੀ ਵਜੋਂ ‘ਲੌਰੀਅਸ ਪੁਰਸਕਾਰ’ ਦਿੱਤਾ ਗਿਆ, ਜਦਕਿ ਜਮਾਇਕਾ ਦੀ ਦੌੜਾਕ ਸ਼ੈਲੀ ਐਨ ਫਰੇਜ਼ਰ ਪ੍ਰਾਈਸ ਸਰਬੋਤਮ ਮਹਿਲਾ ਖਿਡਾਰਨ ਚੁਣੀ ਗਈ। ਫਰੇਜ਼ਰ ਪ੍ਰਾਈਸ ਨੇ ਪਿਛਲੇ ਸਾਲ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ‘ਚ ਪੰਜਵੀਂ ਵਾਰ 100 ਮੀਟਰ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਲੌਰੀਅਸ ਸਪੋਰਟਸ ਐਵਾਰਡ ਬੀਤੀ ਰਾਤ ਪੈਰਿਸ ‘ਚ ਦਿੱਤੇ ਗਏ। 2020 ਤੋਂ ਬਾਅਦ ਪਹਿਲੀ ਵਾਰ ਇਹ ਪੁਰਸਕਾਰ ਵਿਅਕਤੀਗਤ ਤੌਰ ‘ਤੇ ਦਿੱਤੇ ਗਏ। 2020 ‘ਚ ਮੈਸੀ ਨੂੰ ਫਾਰਮੂਲਾ ਵਨ ਡਰਾਈਵਰ ਲੁਈਸ ਹੈਮਿਲਟਨ ਨਾਲ ਸਾਂਝੇ ਤੌਰ ‘ਤੇ ਇਹ ਪੁਰਸਕਾਰ ਦਿੱਤਾ ਗਿਆ ਸੀ। ਤਿੰਨ ਓਲੰਪਿਕ ਅਤੇ 10 ਵਿਸ਼ਵ ਚੈਂਪੀਅਨਸ਼ਿਪ ‘ਚ ਸੋਨ ਤਗ਼ਮਾ ਜੇਤੂ ਫਰੇਜ਼ਰ ਪ੍ਰਾਈਸ ਨੇ ਇਸ ਨੂੰ ਆਪਣੇ ਕਰੀਅਰ ਦੇ ਸਭ ਤੋਂ ਵੱਡੇ ਪੁਰਸਕਾਰਾਂ ‘ਚੋਂ ਇਕ ਦੱਸਦਿਆਂ ਕਿਹਾ, ‘ਸੁਰਖੀਆਂ ‘ਚ ਰਹਿਣ ਵਾਲੇ ਖਿਡਾਰੀਆਂ ਲਈ ਜ਼ਰੂਰੀ ਹੈ ਕਿ ਉਹ ਅਗਲੀ ਪੀੜ੍ਹੀ ਲਈ ਮਿਸਾਲ ਕਾਇਮ ਕਰਨ।’ ਇਸ ਦੌਰਾਨ ਟੈਨਿਸ ਖਿਡਾਰੀ ਕਾਰਲੋਸ ਅਲਕਾਰਜ਼ ਨੂੰ ਸਾਲ ਦੀ ‘ਸਰਬੋਤਮ ਸਫਲਤਾ’ ਦਾ ਪੁਰਸਕਾਰ ਮਿਲਿਆ। 20 ਸਾਲਾ ਅਲਕਾਰਜ਼ ਨੇ 2022 ਯੂ.ਐਸ. ਓਪਨ ਜਿੱਤਿਆ ਅਤੇ ਦਰਜਾਬੰਦੀ ‘ਚ ਸਿਖਰ ‘ਤੇ ਪਹੁੰਚਿਆ। ਇਸੇ ਤਰ੍ਹਾਂ ਦਿਲ ਦਾ ਦੌਰਾ ਪੈਣ ਮਗਰੋਂ ਫਿਟ ਹੋ ਕੇ ਪ੍ਰੀਮੀਅਰ ਲੀਗ ‘ਚ ਵਾਪਸੀ ਕਰਨ ਵਾਲੇ ਫੁਟਬਾਲਰ ਕ੍ਰਿਸਚੀਅਨ ਏਰਿਕਸਨ ਨੂੰ ‘ਸਰਬੋਤਮ ਵਾਪਸੀ’ ਦਾ ਪੁਰਸਕਾਰ ਦਿੱਤਾ ਗਿਆ।