ਅਰਜਨਟੀਨਾ ਫੁਟਬਾਲ ਲੀਗ ਦਾ ਮੈਚ ਦੇਖਣ ਲਈ ਵੀਰਵਾਰ ਰਾਤ ਸਟੇਡੀਅਮ ‘ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਖੇਡ ਪ੍ਰਸ਼ੰਸਕਾਂ ਅਤੇ ਪੁਲੀਸ ਵਿਚਾਲੇ ਝੜਪ ‘ਚ ਘੱਟੋ-ਘੱਟ ਇਕ ਵਿਅਕਤੀ ਦੀ ਮੌਤ ਹੋ ਗਈ। ਭੀੜ ਨਾਲ ਨਜਿੱਠਣ ਲਈ ਮੈਦਾਨ ਦੇ ਅੰਦਰ ਹੰਝੂ ਗੈਸ ਛੱਡੇ ਜਾਣ ਕਾਰਨ ਮੈਚ ਨੂੰ ਰੋਕਣਾ ਕਰਨਾ ਪਿਆ। ਅਧਿਕਾਰੀਆਂ ਅਤੇ ਚਸ਼ਮਦੀਦਾਂ ਨੇ ਕਿਹਾ ਕਿ ਘਰੇਲੂ ਟੀਮ ਜਿਮਨੇਜ਼ੀਆ ਵਾਈ ਐਸਗ੍ਰੀਮਾ ਦੇ ਪ੍ਰਸ਼ੰਸਕਾਂ ਨੂੰ ਪਹਿਲਾਂ ਹੀ ਭਰੇ ਸਟੇਡੀਅਮ ‘ਚ ਦਾਖ਼ਲ ਹੋਣ ਲਈ ਸੰਘਰਸ਼ ਕਰਨਾ ਪਿਆ ਅਤੇ ਪੁਲੀਸ ਨੂੰ ਭੀੜ ਨੂੰ ਖਿੰਡਾਉਣ ਲਈ ਰਬੜ ਦੀਆਂ ਗੋਲੀਆਂ ਅਤੇ ਅੱਥਰੂ ਗੈਸ ਦੀ ਵਰਤੋਂ ਕਰਨੀ ਪਈ। ਇਸ ਘਟਨਾ ਤੋਂ ਕਰੀਬ ਇਕ ਹਫ਼ਤਾ ਪਹਿਲਾਂ ਇੰਡੋਨੇਸ਼ੀਆ ‘ਚ ਇਕ ਫੁੱਟਬਾਲ ਮੈਚ ਦੌਰਾਨ ਸਟੇਡੀਅਮ ਦੇ ਬਾਹਰ ਅੱਥਰੂ ਗੈਸ ਦੀ ਵਰਤੋਂ ਕਾਰਨ ਮਚੀ ਭਗਦੜ ‘ਚ 131 ਲੋਕ ਮਾਰੇ ਗਏ ਸਨ। ਜਿਮਨੇਜ਼ੀਆ ਅਤੇ ਬੋਕਾ ਜੂਨੀਅਰਜ਼ ਵਿਚਾਲੇ ਵੀਰਵਾਰ ਰਾਤ ਨੂੰ ਮੈਚ ਸ਼ੁਰੂ ਹੋਣ ਤੋਂ 9 ਮਿੰਟ ਬਾਅਦ ਰੈਫਰੀ ਹਰਨਾਨ ਮਾਸਟ੍ਰੇਂਜਲੋ ਨੇ ਉਸ ਨੂੰ ਰੋਕ ਦਿੱਤਾ। ਲੀਗ ਨੇ ਟਵੀਟ ਕੀਤਾ ਕਿ ਰੈਫਰੀ ਨੇ ਸੁਰੱਖਿਆ ਦੀ ਕਮੀ ਕਾਰਨ ਇਹ ਕਦਮ ਚੁੱਕਿਆ। ਸੂਬੇ ਦੇ ਸੁਰੱਖਿਆ ਮੰਤਰੀ ਸਰਜੀਓ ਬਰਨੀ ਨੇ ਦੱਸਿਆ, ‘ਬਦਕਿਸਮਤੀ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਉਸ ਦੀ ਮੌਤ ਦਿਲ ਸਬੰਧੀ ਸਮੱਸਿਆ ਪੈਦਾ ਹੋਣ ਕਾਰਨ ਹੋਈ।’ ਲਾ ਪਲਾਟਾ ਦੇ ਜੁਆਨ ਕਾਰਮੇਲੋ ਜੇਰੀਲੋ ਸਟੇਡੀਅਮ ‘ਚ ਸਿਰਫ਼ ਜਿਮਨੇਜ਼ੀਆ ਦੇ ਪ੍ਰਸ਼ੰਸਕਾਂ ਨੂੰ ਹੀ ਆਉਣ ਦੀ ਇਜਾਜ਼ਤ ਦਿੱਤੀ ਗਈ ਸੀ ਕਿਉਂਕਿ ਬਿਊਨਸ ਆਇਰਸ ਸੂਬੇ ਨੇ ਹਿੰਸਾ ਦੀਆਂ ਲਗਾਤਾਰ ਘਟਨਾਵਾਂ ਦੇ ਮੱਦੇਨਜ਼ਰ ਮਹਿਮਾਨ ਟੀਮ ਦੇ ਸਮਰਥਕਾਂ ਦੇ ਦਾਖ਼ਲੇ ‘ਤੇ 2013 ‘ਚ ਪਾਬੰਦੀ ਲਗਾ ਦਿੱਤੀ ਸੀ।