ਇੰਡੀਆ ਨੇ ਆਪਣੀ ਫੀਫਾ ਮਹਿਲਾ ਅੰਡਰ-17 ਵਿਸ਼ਵ ਕੱਪ ਮੁਹਿੰਮ ਦੀ ਸ਼ੁਰੂਆਤ ਹਾਰ ਨਾਲ ਕੀਤੀ। ਅਮਰੀਕਨ ਟੀਮ ਨੇ ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ ‘ਚ ਇੰਡੀਆ ਨੂੰ 8-0 ਨਾਲ ਹਰਾ ਦਿੱਤਾ। ਇੰਡੀਆ ਮੇਜ਼ਬਾਨ ਵਜੋਂ ਵਿਸ਼ਵ ਕੱਪ ‘ਚ ਖੇਡ ਰਿਹਾ ਹੈ। ਮੈਚ 8.02 ਵਜੇ ਸ਼ੁਰੂ ਹੋਇਆ। 9ਵੇਂ ਮਿੰਟ ‘ਚ ਅਮਰੀਕਾ ਦੀ ਮੇਲਿਨਾ ਰੇਬੀਮਸ ਨੇ ਗੋਲ ਕਰਕੇ 1-0 ਦੀ ਬੜ੍ਹਤ ਬਣਾ ਲਈ। 9 ਮਿੰਟ ਬਾਅਦ ਸ਼ਾਰਲੋਟ ਕੋਹਲਰ ਨੇ ਸ਼ਾਨਦਾਰ ਕਿੱਕ ਨਾਲ ਅਮਰੀਕਾ ਲਈ ਦੂਜਾ ਗੋਲ ਕੀਤਾ। ਖੇਡ ਦੇ ਪਹਿਲੇ 15 ਮਿੰਟਾਂ ‘ਚ ਭਾਰਤੀ ਕੁੜੀਆਂ ਅਮਰੀਕਨ ਖਿਡਾਰਨਾਂ ਤੋਂ ਗੇਂਦ ਖੋਹਣ ਲਈ ਸੰਘਰਸ਼ ਕਰਦੀਆਂ ਨਜ਼ਰ ਆਈਆਂ। ਅਮਰੀਕਾ ਦੀ ਬੜ੍ਹਤ ਮੈਚ ਦੇ 25ਵੇਂ ਮਿੰਟ ‘ਚ 3-0 ਹੋ ਗਈ ਸੀ, ਜਦੋਂ ਓਨੇਕਾ ਗੇਮਰੋ ਨੇ ਭਾਰਤੀ ਡਿਫੈਂਸ ਖ਼ਿਲਾਫ਼ ਗੋਲ ਕਰ ਦਿੱਤਾ। ਮੇਲਿਨਾ ਰੇਬੀਮਾਸ ਇਥੇ ਹੀ ਨਹੀਂ ਰੁਕੀ, ਉਸ ਨੇ ਗੋਲ ਕਰਕੇ ਅਮਰੀਕਾ ਨੂੰ 4-0 ਦੀ ਬੜ੍ਹਤ ਦਿਵਾਈ। ਥਾਮਸਨ ਨੇ ਪਹਿਲੇ ਹਾਫ ‘ਚ ਗੋਲ ਕਰਕੇ ਅਮਰੀਕਾ ਨੂੰ 5-0 ਦੀ ਬੜ੍ਹਤ ਦਿਵਾਈ। ਦੂਜੇ ਹਾਫ ‘ਚ ਭਾਰਤੀ ਟੀਮ ਨੇ ਕੁਝ ਚੰਗਾ ਖੇਡਿਆ ਪਰ ਅਮਰੀਕਨ ਖਿਡਾਰੀ ਨੇ ਆਪਣੇ ਤਜਰਬੇ ਦਾ ਫਾਇਦਾ ਉਠਾਉਂਦਿਆਂ ਗੋਲ ਕਰਕੇ ਸਕੋਰ 6-0 ਕਰ ਦਿੱਤਾ। ਅਮਰੀਕਾ ਲਈ ਇਹ ਗੋਲ ਐਲਾ ਐਮਰੀ ਨੇ ਕੀਤਾ। ਇਸ ਵਾਰ ਸੁਆਰੇਜ ਨੇ ਲੀਡ 7-0 ਕਰ ਦਿੱਤੀ। ਥੋੜ੍ਹੀ ਦੇਰ ਬਾਅਦ ਅਮਰੀਕਾ ਦੀ ਕਪਤਾਨ ਬੂਟਾ ਨੇ ਗੋਲ ਕਰਕੇ ਅਮਰੀਕਾ ਨੂੰ 8-0 ਦੀ ਬੜ੍ਹਤ ਦਿਵਾ ਦਿੱਤੀ, ਜੋ ਅੰਤ ਤੱਕ ਕਾਇਮ ਰਹੀ।