ਪੰਜਾਬ ‘ਚ ਫਿਰੌਤੀਆਂ ਦੇ ਮਾਮਲੇ ਵਧਦੇ ਜਾ ਰਹੇ ਹਨ ਅਤੇ ਇਸ ਵਾਰ ਇਕ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਇਸ ਦਾ ਸ਼ਿਕਾਰ ਹੋਏ ਹਨ ਕਿਉਂਕਿ ਉਨ੍ਹਾਂ ਦੀ ਫਿਰੌਤੀ ਲਈ ਕੁੱਟਮਾਰ ਕੀਤੀ ਗਈ। ਸਾਬਕਾ ਕਾਂਗਰਸੀ ਵਿਧਾਇਕ ਦੀ ਚਾਰ ਅਣਪਛਾਤੇ ਵਿਅਕਤੀਆਂ ਵੱਲੋਂ ਕੁੱਟਮਾਰ ਕਰਕੇ 50 ਲੱਖ ਰੁਪਏ ਦੀ ਫਿਰੌਤੀ ਮੰਗਣ ਦਾ ਇਹ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਸਾਬਕਾ ਵਿਧਾਇਕ ਨੂੰ ਮੁੱਢਲੀ ਸਹਾਇਤਾ ਲਈ ਪਹਿਲਾਂ ਸਿਵਲ ਹਸਪਤਾਲ ਬੁਢਲਾਡਾ ਦਾਖਲ ਕਰਵਾਇਆ ਜਿਥੋਂ ਉਨ੍ਹਾਂ ਨੂੰ ਮਾਨਸਾ ਰੈਫਰ ਕਰ ਦਿੱਤਾ ਗਿਆ। ਇਹ ਘਟਨਾ ਬਰੇਟਾ ਵਿਚਲੇ ਸਾਬਕਾ ਵਿਧਾਇਕ ਦੀ ਮਾਲਕੀ ਵਾਲੇ ਗਰੀਨ ਲੈਂਡ ਸਕੂਲ ‘ਚ ਵਾਪਰੀ ਜਿੱਥੇ ਉਨ੍ਹਾਂ ਨੇ ਆਪਣਾ ਪਾਰਟੀ ਦਫ਼ਤਰ ਵੀ ਬਣਾਇਆ ਹੋਇਆ ਹੈ। ਬਾਂਸਲ ਨੇ ਦੱਸਿਆ ਕਿ ਤਿੰਨ ਨੌਜਵਾਨ ਸ਼ਾਮ ਨੂੰ ਉਨ੍ਹਾਂ ਦੇ ਦਫ਼ਤਰ ‘ਚ ਦਾਖਲ ਹੋਏ ਤੇ ਅੰਦਰੋਂ ਕਮਰਾ ਬੰਦ ਕਰ ਲਿਆ। ਹਮਲਾਵਰਾਂ ਨੇ ਪਹਿਲਾਂ ਉਨ੍ਹਾਂ ਦਾ ਮੋਬਾਈਲ ਫੋਨ ਭੰਨ੍ਹ ਦਿੱਤਾ ਤੇ ਉਨ੍ਹਾਂ ਤੋਂ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਵੀ ਕੀਤੀ। ਹਮਲਾਵਰਾਂ ਨੇ ਪੁਲੀਸ ਨੂੰ ਸੂਚਿਤ ਕਰਨ ‘ਤੇ ਜਾਨ ਤੋਂ ਮਾਰ ਦੇਣ ਦੀ ਧਮਕੀ ਵੀ ਦਿੱਤੀ। ਇਸ ਮਗਰੋਂ ਉਹ ਇਹ ਕਹਿ ਕੇ ਉਥੋਂ ਚਲੇ ਗਏ ਕਿ ਦੋ ਦਿਨਾਂ ਬਾਅਦ ਉਨ੍ਹਾਂ ਦਾ ਸਾਥੀ ਆ ਕੇ ਰਕਮ ਲੈ ਜਾਵੇਗਾ। ਉਧਰ ਮਾਨਸਾ ਪੁਲੀਸ ਨੂੰ ਜਾਣਕਾਰੀ ਮਿਲਣ ਮਗਰੋਂ ਐੱਸ.ਪੀ.ਬਾਲ ਕ੍ਰਿਸ਼ਨ ਘਟਨਾ ਸਥਾਨ ‘ਤੇ ਪਹੁੰਚੇ। ਉਨ੍ਹਾਂ ਸਿਵਲ ਹਸਪਤਾਲ ਬੁਢਲਾਡਾ ਵਿਖੇ ਬਾਂਸਲ ਨਾਲ ਵੀ ਮੁਲਾਕਾਤ ਕੀਤੀ। ਜਾਣਕਾਰੀ ਮੁਤਾਬਕ ਸੀ.ਸੀ.ਟੀ.ਵੀ. ਫੁਟੇਜ ‘ਚ ਤਿੰਨੇ ਹਮਲਾਵਰ ਇਨੋਵਾ ਕਾਰ ‘ਚ ਆਉਂਦੇ ਦਿਖਾਈ ਦੇ ਰਹੇ ਹਨ। ਇਸ ਤੋਂ ਪਹਿਲਾਂ ਡੀ.ਐੱਸ.ਪੀ. ਨਵਨੀਤ ਕੌਰ ਗਿੱਲ ਤੇ ਥਾਣਾ ਬਰੇਟਾ ਮੁਖੀ ਗੁਰਦਰਸ਼ਨ ਸਿੰਘ ਮਾਨ ਦੀ ਅਗਵਾਈ ਹੇਠ ਮੁਲਜ਼ਮਾਂ ਦੀ ਭਾਲ ਆਰੰਭ ਦਿੱਤੀ ਗਈ ਹੈ। ਪੁਲੀਸ ਕਪਤਾਨ ਡਾ. ਬਾਲ ਕ੍ਰਿਸ਼ਨ ਨੇ ਦੱਸਿਆ ਕਿ ਬਾਂਸਲ ਦੇ ਬਿਆਨ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।