ਜਿਸ ਦਿਨ ਤੋਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਨਾਮਜ਼ਦ ਗੈਂਗਸਟਰ ਦੀਪਕ ਟੀਨੂ ਫਰਾਰ ਹੋਇਆ ਉਸੇ ਦਿਨ ਤੋਂ ਉਸਦੀ ‘ਪ੍ਰੇਮਿਕਾ’ ਵੀ ਚਰਚਾ ‘ਚ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਪੁਲੀਸ ਦੇ ਹੀ ਵੇਅਰਲੈਸ ਵਿਭਾਗ ਦੀ ਕਾਂਸਟੇਬਲ ਹੈ। ਸੀ.ਆਈ.ਏ. ਸਟਾਫ਼ ਦੇ ਗ੍ਰਿਫ਼ਤਾਰ ਇੰਚਾਰਜ ਪ੍ਰਿਤਪਾਲ ਸਿੰਘ ਵੱਲੋਂ ਇਸੇ ‘ਪ੍ਰੇਮਿਕਾ’ ਦੇ ਖਾਤੇ ‘ਚ ਕਈ ਵਾਰ ਰੁਪਏ ਪਾਉਣ ਅਤੇ ਉਸ ਨੂੰ ਟੀਨੂ ਨਾਲ ਮਿਲਾਉਣ ਦੀ ਚਰਚਾ ਗਰਮ ਹੈ। ਪਰ ਇਸ ਸਭ ਦੇ ਬਾਵਜੂਦ ਨਾ ਤਾਂ ਮਾਨਸਾ ਪੁਲੀਸ ਅਤੇ ਨਾ ਹੀ ਪੰਜਾਬ ਪੁਲੀਸ ਕੁਝ ਕਹਿ ਰਹੀ ਹੈ। ਇਥੋਂ ਤੱਕ ਕਿ ਇਸ ਮਾਮਲੇ ਦੀ ਜਾਂਚ ਲਈ ਬਣਾਈ ਵਿਸ਼ੇਸ਼ ਜਾਂਚ ਟੀਮ ‘ਚ ਸ਼ਾਮਲ ਕੋਈ ਅਧਿਕਾਰੀ ਵੀ ਕੁਝ ਕਹਿਣ ਨੂੰ ਤਿਆਰ ਨਹੀਂ ਹੈ। ਮਾਨਸਾ ਸੀ.ਆਈ.ਏ. ਦੇ ਬਰਖ਼ਾਸਤ ਇੰਚਾਰਜ ਪ੍ਰਿਤਪਾਲ ਸਿੰਘ ਦੀ ਗ੍ਰਿਫ਼ਤ ‘ਚੋਂ ਫ਼ਰਾਰ ਕਰਵਾਉਣ ‘ਚ ਉਸ ਦੀ ਕਥਿਤ ਮਦਦਗਾਰ ਪ੍ਰੇਮਿਕਾ ਖ਼ਿਲਾਫ਼ ਪੰਜਾਬ ਪੁਲੀਸ ਵੱਲੋਂ ਅਜੇ ਤੱਕ ਕੋਈ ਐਕਸ਼ਨ ਨਹੀਂ ਲਿਆ ਗਿਆ ਹੈ। ਭਾਵੇਂ ਪ੍ਰੇਮਿਕਾ ਵਾਲੀ ਗੱਲ ਨੂੰ ਮੀਡੀਆ ਰਾਹੀਂ ਵੱਡੇ ਪੱਧਰ ‘ਤੇ ਉਭਾਰਿਆ ਗਿਆ ਹੈ, ਪਰ ਉਸ ਦੀ ਪਛਾਣ ਅਤੇ ਉਸ ਵਿਰੁੱਧ ਕਾਰਵਾਈ ਲਈ ਅਜੇ ਤੱਕ ਵੀ ਪੁਲੀਸ ਅਧਿਕਾਰੀਆਂ ਦੇ ਮੂੰਹ ਬੰਦ ਹਨ। ਇਸ ਮਾਮਲੇ ਲਈ ਆਈ.ਜੀ. ਪਟਿਆਲਾ ਐੱਮ.ਐੱਸ. ਛੀਨਾ ਦੀ ਅਗਵਾਈ ਹੇਠ ਬਣੀ ‘ਸਿਟ’ ਦੇ ਉੱਚ ਅਧਿਕਾਰੀ ਵੀ ਬੋਲਣ ਲਈ ਤਿਆਰ ਨਹੀਂ ਹਨ। ਇਸ ‘ਸਿਟ’ ਦੇ ਮੈਂਬਰ ਅਤੇ ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਗੌਰਵ ਤੂਰਾ ਨੇ ਕਿਹਾ ਕਿ ਭਾਵੇਂ ਦੀਪਕ ਟੀਨੂ ਦੇ ਭੱਜਣ ਵਾਲੇ ਮਾਮਲੇ ‘ਚ ਮੀਡੀਆ ਦੇ ਇੱਕ ਹਿੱਸੇ ‘ਚ ਲੜਕੀ ਦੇ ਹੋਣ ਦੀ ਗੱਲ ਵਾਰ-ਵਾਰ ਸਾਹਮਣੇ ਆ ਰਹੀ ਹੈ, ਪਰ ਪੁਲੀਸ ਦੀ ਜਾਂਚ ਦੌਰਾਨ ਅਜੇ ਤੱਕ ਉਸ ਦੀ ਕੋਈ ਸ਼ਨਾਖ਼ਤ ਨਹੀਂ ਹੋਈ ਹੈ। ਉਨ੍ਹਾਂ ਟੀਨੂ ਦੇ ਏ.ਟੀ.ਐੱਮ. ਤੋਂ ਕੈਸ਼ ਲੈ ਕੇ ਫ਼ਰਾਰ ਹੋਣ ਬਾਰੇ ਵੀ ਖੁੱਲ੍ਹ ਕੇ ਤੱਥਾਂ ਸਣੇ ਕੋਈ ਗੱਲ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਮੀਡੀਆ ਵੱਲੋਂ ਦੀਪਕ ਟੀਨੂ ਦੇ ਝੁਨੀਰ ਤੋਂ ਫ਼ਰਾਰ ਹੋਣ ਦੀ ਗੱਲ ਪੜਤਾਲ ਦੌਰਾਨ ਗ਼ਲਤ ਨਿਕਲੀ ਹੈ। ‘ਸਿਟ’ ਮੁਖੀ ਮੁਖਵਿੰਦਰ ਸਿੰਘ ਛੀਨਾ ਸਣੇ ਬਾਕੀ ਸਾਰੇ ਅਧਿਕਾਰੀ ਇਸ ਮਾਮਲੇ ਨਾਲ ਸਬੰਧਿਤ ਹਰ ਸਵਾਲ ਦੀ ਜਾਂਚ ਦਾ ਵਿਸ਼ਾ ਦੱਸ ਕੇ ਕੁਝ ਵੀ ਕਹਿਣ ਤੋਂ ਗੁਰੇਜ਼ ਕਰ ਰਹੇ ਹਨ। ਇਕ ਗੱਲ ਜੋ ਹੁਣ ਤੱਕ ਸਾਹਮਣੇ ਆਈ ਹੈ ਉਸ ਅਨੁਸਾਰ ਦੀਪਕ ਟੀਨੂ ਨੂੰ ਉਸ ਦੀ ‘ਪ੍ਰੇਮਿਕਾ’ ਨਾਲ ਮਿਲਾਉਣ ਲਈ ਪ੍ਰਿਤਪਾਲ ਸਿੰਘ ਵੱਲੋਂ ਆਪਣੀ ਪ੍ਰਾਈਵੇਟ ਗੱਡੀ ‘ਚ ਸ਼ਹਿਰ ਵਿੱਚੋਂ ਦੀ ਡੀ.ਸੀ. ਦੀ ਸਰਕਾਰੀ ਰਿਹਾਇਸ਼ ਤੱਕ ਲਿਜਾਣ ਦਾ ਖ਼ੁਲਾਸਾ ਹੋਇਆ ਹੈ। ਐੱਸ.ਐੱਸ.ਪੀ. ਮਾਨਸਾ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਉਸ ਤੋਂ ਬਾਅਦ ਵਾਲੇ ਰਸਤੇ ਦੇ ਕੈਮਰਿਆਂ ਦੀ ਪੁਲੀਸ ਪੜਤਾਲ ਕਰ ਰਹੀ ਹੈ। ਦੂਜੇ ਪਾਸੇ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਡਿਪਟੀ ਕਮਿਸ਼ਨਰ ਦੇ ਘਰ ਕੋਲ ਜਦੋਂ ਦੀਪਕ ਟੀਨੂ ਤੇ ਪ੍ਰਿਤਪਾਲ ਸਿੰਘ ਪਹੁੰਚੇ ਤਾਂ ਉਸ ਵੇਲੇ ਇੱਕ ਕਾਲੇ ਤੇ ਦੂਜੀ ਚਿੱਟੇ ਰੰਗ ਦੀਆਂ ਦੋ ਗੱਡੀਆਂ ਆਈਆਂ। ਇਸ ਬਾਰੇ ਪੁਲੀਸ ਨੇ ਅੱਜ ਜਾਂਚ ਆਰੰਭ ਕੀਤੀ ਹੈ। ਭਾਵੇਂ ਪ੍ਰਿਤਪਾਲ ਸਿੰਘ ਦੇ ਮੋਬਾਈਲ ਫੋਨ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਉਸ ਨੇ ਟੀਨੂ ਦੇ ਕਿਸੇ ਲੜਕੀ ਜਾਂ ਕਾਂਸਟੇਬਲ ਮਹਿਲਾ ਦੋਸਤ ਨਾਲ ਸਬੰਧ ਹੋਣ ਦੀ ਗੱਲ ਤੋਂ ਸਾਫ਼ ਇਨਕਾਰ ਕੀਤਾ ਹੈ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਗੈਂਗਸਟਰ ਟੀਨੂ ਕੈਨੇਡਾ ਤੋਂ ਜਾ ਕੇ ਕੈਲੀਫੋਰਨੀਆ ‘ਚ ਲੁਕੇ ਗੈਂਗਸਟਰ ਗੋਲਡੀ ਬਰਾੜ ਦੇ ਸੰਪਰਕ ‘ਚ ਸੀ।